Friday, March 20, 2026

ਪਿੰਗਲਵਾੜਾ ਪਰਿਵਾਰ ਦਾ ਕਿਸਾਨ ਅੰਦੋਲਨ ‘ਚ ਯੋਗਦਾਨ

ਅੰਮ੍ਰਿਤਸਰ, 28 ਦਸੰਬਰ (ਜਗਦੀਪ ਸਿੰਘ) – ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਸੰਘਰਸ਼ ਵਿੱਚ ਪਿੰਗਲਵਾੜਾ ਵਲੋਂ ਵੀ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।ਪਿੰਗਲਵਾੜਾ ਦਫਤਰ ਵਿਖੇ ਪਿੰਗਲਵਾੜਾ ਮੁੱਖੀ ਬੀਬੀ (ਡਾ.) ਇੰਦਰਜੀਤ ਕੌਰ ਨੇ ਦੱਸਿਆ ਕਿ 10 ਦਸੰਬਰ ਨੂੰ 12 ਮੈਂਬਰੀ ਮੈਡੀਕਲ ਟੀਮ ਸਿੰਘੂ ਬਾਰਡਰ ਵਿਖੇ ਪਹੁੰਚੀ।ਜਿਸ ਵਿਚ ਇਕ ਡਾਕਟਰ ਤੇ ਤਿੰਨ ਨਰਸਾਂ ਸ਼ਾਮਿਲ ਸਨ।ਇਸ ਦੇ ਨਾਲ ਹੀ ਕਾਫੀ ਮਾਤਰਾ ਵਿਚ ਦਵਾਈਆਂ, ਖੇਸ, ਕੰਬਲ, ਰਜਾਈਆਂ ਅਤੇ ਖਾਣ-ਪੀਣ ਦਾ ਸਾਮਾਨ ਲਿਜਾਇਆ ਗਿਆ ।
                 ਉਨਾਂ ਕਿਹਾ ਕਿ 20 ਦਸੰਬਰ ਨੂੰ 2 ਡਾਕਟਰ ਤੇ ਤਿੰਨ ਮੈਡੀਕਲ ਸਟਾਫ ਮੈਂਬਰ ਇਕ ਐਂਬੂਲੈਂਸ, ਕਾਫੀ ਮਾਤਰਾ ਵਿਚ ਦਵਾਈਆਂ ਅਤੇ ਹੋਰ ਐਮਰਜੈਂਸੀ ਸਰਜੀਕਲ ਸਮਾਨ ਸਮੇਤ ਮੈਡੀਕਲ ਟੀਮ ਟਿਕਰੀ ਬਾਰਡਰ ‘ਤੇ ਮੈਡੀਕਲ ਕੈਂਪ ਲਗਾਉਣ ਵਾਸਤੇ ਰਵਾਨਾ ਹੋਏ।ਇਸ ਦੇ ਨਾਲ ਹੀ 1000 ਗਰਮ ਜੁਰਾਬਾਂ ਅਤੇ 2.5 ਕਵਿੰਟਲ ਪਿੰਨੀਆਂ ਕਿਸਾਨਾਂ ਵਿਚ ਵੰਡਣ ਵਾਸਤੇ ਲਿਜਾਈਆਂ ਗਈਆਂ।ਪਿੰਗਲਵਾੜੇ ਵਲੋਂ ਪ੍ਰਕਾਸ਼ਿਤ ਸਾਹਿਤ ਵੀ ਕਿਸਾਨਾਂ ਵਿਚ ਵੰਡਿਆ ਗਿਆ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਹਿਲੇ ਦਿਨ ਟਿਕਰੀ ਬਾਰਡਰ ਅਤੇ ਅਗਲੇ ਦਿਨ ਸਿੰਘੂ ਬਾਰਡਰ ‘ਤੇ ਇਹ ਕੈਂਪ ਸਥਾਪਿਤ ਕੀਤਾ ਗਿਆ।ਕਿਸਾਨਾਂ ਵਿਚ ਇਸ ਸੰਘਰਸ਼ ਵਾਸਤੇ ਅਥਾਹ ਜੋਸ਼ ਸੀ।ਇਸ ਤੋਂ ਇਲਾਵਾ ਸਖਤ ਸਰਦੀ ਕਾਰਨ ਠੰਡ ਨੂੰ ਮੁੱਖ ਰੱਖਦੇ ਹੋਏ ਅੱਜ ਸੰਗਰੂਰ ਬ੍ਰਾਂਚ ਵਲੋਂ 22 ਲੱਕੜਾਂ ਨਾਲ ਚੱਲਣ ਵਾਲੇ ਗੀਜ਼ਰ, 5000 ਲੋਈਆਂ ਅਤੇ ਸਾਫ ਪਾਣੀ ਦੀਆਂ ਮਿਨਰਲ ਵਾਟਰ ਬੋਤਲਾਂ ਵੀ ਭੇਜੀਆਂ ਗਈਆਂ।ਉਨਾਂ ਕਿਹਾ ਕਿ ਲੰਮੇ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਪਿੰਗਲਵਾੜਾ ਵਲੋਂ ਅੱਗੇ ਵੀ ਇਹ ਯੋਗਦਾਨ ਜਾਰੀ ਰਹੇਗਾ ।
                    ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ, ਰਿਟਾ. ਡੀ.ਐਸ.ਪੀ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …