ਤੀਸਰੇ ਪੜਾਅ ‘ਚ 23 ਸਰਕਾਰੀ ਸਕੂਲਾਂ ਦੇ 1310 ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ
ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵਲੋਂ ਰਾਜ ਦੇ ਸਕੂਲ
ਸਿੱਖਿਆ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਯਤਨਾਂ ਤਹਿਤ ਅੱਜ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਮੁਹਿੰਮ ਅੱਜ ਨੇਪਰੇ ਚੜ੍ਹ ਗਈ ਹੈ।ਇਸ ਮੁਹਿੰਮ ਦੇ ਤੀਸਰੇ ਪੜਾਅ ਤਹਿਤ ਅੱਜ ਜਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ‘ਚ ਹੋਏ ਫੋਨ ਵੰਡ ਸਮਾਗਮ ‘ਚ 23 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 1310 ਵਿਦਿਆਰਥੀਆਂ ਨੂੰ ਫੋਨ ਵੰਡੇ ਗਏ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾ ਵਿਖੇ ਸਕੂਲ ਪ੍ਰਿੰਸੀਪਲ ਜਗੀਰ ਕੌਰ ਦੀ ਅਗਵਾਈ ਵਿੱਚ ਹੋਏ ਜਿਲ੍ਹਾ ਪੱਧਰੀ ਸਮਾਗਮ ਵਿੱਚ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਮੁੱਖ ਮਹਿਮਾਨ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ, ਸਰਪੰਚ ਅਸਵਨੀ ਕੁਮਾਰ ਸਮੇਤ ਹੋਰ ਸਖਸੀਅਤਾਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋ ਕੇ ਸਮਾਰਟ ਫੋਨ ਵੰਡਣ ਦੀ ਰਸਮ ਅਦਾ ਕੀਤੀ। ਜਿਲ੍ਹੇ ਦੇ ਵੱਖ-ਵੱਖ ਸਕੂਲਾਂ ‘ਚ ਇਸ ਤੋਂ ਪਹਿਲਾ ਦੋ ਪੜਾਵਾਂ ‘ਚ ਫੋਨ ਵੰਡੇ ਗਏ ਸਨ।ਇਸ ਤਰ੍ਹਾਂ ਜਿਲ੍ਹੇ ‘ਚ ਕੁੱਲ 5283 ਸਮਾਰਟ ਫੋਨ ਵੰਡੇ ਗਏ ਹਨ।
ਮੁੱਖ ਮਹਿਮਾਨ ਜਿਲ੍ਹਾ ਸਿੱਖਿਆ ਅਫਸਰ ਵਰਿੰਦਰ ਪਰਾਸਰ ਨੇ ਕਿਹਾ ਕਿ ਜਿਲ੍ਹੇ ‘ਚ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਵਿੱਦਿਆ ਹਾਸਿਲ ਕਰਨ ‘ਚ ਸੌਖ ਪ੍ਰਦਾਨ ਕਰਨ ਦੇ ਮਨਸੂਬੇ ਨਾਲ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ।
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਕਿਹਾ ਕਿ ਜਿਲ੍ਹੇ ਦੇ ਸਕੂਲਾਂ ਦੀ ਬਦਲੀ ਨੁਹਾਰ ਨੂੰ ਦੇਖਦੇ ਹੋਏ ਇਸ ਸ਼ੈਸ਼ਨ ਦੌਰਾਨ ਬੱਚਿਆਂ ਦੀ ਗਿਣਤੀ ‘ਚ 15 ਫੀਸਦੀ ਵਾਧਾ ਹੋਇਆ ਹੈ।ਜਿਸ ਤੋਂ ਪ੍ਰੇਰਿਤ ਹੋ ਕੇ ਹੀ ਕੇਂਦਰ ਸਰਕਾਰ ਨੇ ਵੀ ਨਵੀਂ ਸਿੱਖਿਆ ਨੀਤੀ ‘ਚ ਪ੍ਰੀ-ਪ੍ਰਾਇਮਰੀ ਵਰਗੇ ਪ੍ਰੋਜੈਕਟ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਹੈ।ਸਕੂਲ ਦੀ ਪ੍ਰਿੰਸੀਪਲ ਜਗੀਰ ਕੌਰ ਨੇ ਸਭ ਦਾ ਧੰਨਵਾਦ ਕੀਤਾ।
Punjab Post Daily Online Newspaper & Print Media