ਕਿਸਾਨਾਂ ਦੇ ਹੱਕ ‘ਚ ਖੜ੍ਹੇ ਹਨ ਪੰਜਾਬ ਦੇ ਸਮੂਹ ਚੌਂਕੀਦਾਰ – ਨਛੱਤਰ ਸਿੰਘ ਪ੍ਰਧਾਨ
ਸਮਰਾਲਾ, 1 ਜਨਵਰੀ 2021 (ਇੰਦਰਜੀਤ ਸਿੰਘ ਕੰਗ) – ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਪੰਜਾਬ ਵਲੋਂ ਪੂਰੇ ਪੰਜਾਬ ਅੰਦਰ ਮਜ਼ਦੂਰਾਂ ਅਤੇ ਕਿਸਾਨ
ਵਿਰੋਧੀ ਕਾਨੂੰਨ ਮੋਦੀ ਸਰਕਾਰ ਵਲੋਂ ਕੋਰੋਨਾ ਦੀ ਆੜ ਵਿੱਚ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਵਿਰੁੱਧ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ ਅਤੇ ਰੋਸ ਰੈਲੀਆਂ ਕੱਢੀਆਂ ਗਈਆਂ।
ਸਮਰਾਲਾ ਤਹਿਸੀਲ ਦੀ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਰਜਿ:) ਵਲੋਂ ਤਹਿਸੀਲ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਖਿਲਾਫ ਤੇ ਆਪਣੀ ਮੰਗਾਂ ਸਬੰਧੀ ਇੱਕ ਮੰਗ ਪੱਤਰ ਤਹਿਸੀਦਾਰ ਸਾਹਿਬ ਸਮਰਾਲਾ ਨੂੰ ਵੀ ਸੌਂਪਿਆ ਗਿਆ।ਮੰਗ ਪੱਤਰ ਵਿੱਚ ਪ੍ਰਮੁੱਖ ਤੌਰ ‘ਤੇ ਕੇਂਦਰ ਸਰਕਾਰ ਦੁਆਰਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਖੋਹ ਕੇ ਕਾਰਪੋਰੇਟ ਘਰਾਣੇ ਅਡਾਨੀ-ਅੰਬਾਨੀ ਦੇ ਹੱਥਾਂ ਦੀ ਕਠਪੁਤਲੀ ਬਣ
ਕੇ ਉਨ੍ਹਾਂ ਦਾ ਹੀ ਫਾਇਦਾ ਸੋਚਣਾ, ਜਦੋਂ ਕਿ ਭਾਰਤ ਦੀ ਆਰਥਿਕਤਾ ਕੇਵਲ ਤੇ ਕੇਵਲ ਖੇਤੀ ਸਿਰ ਉਤੇ ਹੀ ਟਿਕੀ ਹੋਈ ਹੈ, ਇਥੇ 80 ਪ੍ਰਤੀਸ਼ਤ ਅਜਿਹੇ ਲੋਕ ਹਨ ਜੋ ਖੇਤੀਬਾੜੀ ਤੇ ਨਿਰਭਰ ਰਹਿ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ।ਇਨ੍ਹਾਂ ਤਿੰਨੋਂ ਖੇਤੀਬਾੜੀ ਸਬੰਧੀ ਕਾਨੂੰਨਾਂ ਨਾਲ ਕਿਸਾਨ ਅਤੇ ਮਜ਼ਦੂਰ ਦੀ ਆਪਸੀ ਸਾਂਝ ਟੁੱਟ ਜਾਵੇਗੀ ਅਤੇ ਇਹ ਮਾਰੂ ਕਾਨੂੰਨ ਸਮਰਾਏਦਾਰੀ ਯੁੱਗ ਦਾ ਆਗਾਜ਼ ਕਰਨਗੇ।
ਮੰਗ ਪੱਤਰ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਕੇਵਲ 1250 ਰੁਪਏ ਦਾ ਮਾਣਭੱਤਾ ਦਿੱਤਾ ਜਾਂਦਾ ਹੈ।ਅਜਕਲ ਦੇ ਮਹਿੰਗਾਈ ਦੇ ਜਮਾਨੇ ਵਿੱਚ ਇਸ ਨਾਲ ਕਿਸੇ ਚੌਂਕੀਦਾਰ ਦੇ ਘਰ ਦਾ ਗੁਜ਼ਾਰਾ ਤਾਂ ਕੀ ਉਸ ਦੇ ਆਪਣੇ ਦੋ ਡੰਗ ਕੱਢਣੇ ਔਖੇ ਹਨ।ਉਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਚੌਂਕੀਦਾਰਾਂ ਦੇ ਮਾਣਭੱਤੇ ਵਿੱਚ ਵਾਧਾ ਨਹੀਂ ਕਰਦੀ ਅਤੇ ਹੋਰ ਹੱਕੀ ਮੰਗਾਂ ਨਹੀਂ ਮੰਨਦੀ, ਚੌਂਕੀਦਾਰਾਂ ਤੋਂ ਪਿੰਡਾਂ ‘ਚ ਜੋ ਪਹਿਰੇ ਲਗਾਏ ਜਾਂਦੇ ਹਨ, ਉਹ ਨਹੀਂ ਲਗਾਏ ਜਾਣਗੇ।
ਮੰਗ ਪੱਤਰ ਦੇਣ ਵਾਲਿਆਂ ਵਿੱਚ ਗੁਰਦਾਸ ਸਿੰਘ ਮਾਨੂੰਪੁਰ, ਮੇਵਾ ਸਿੰਘ ਭੌਰਲਾ, ਜਸਦੇਵ ਸਿੰਘ ਬਰਮ੍ਹਾਂ, ਹਰਬੰਸ ਸਿੰਘ ਅਜਲੌਦ, ਕੁਲਦੀਪ ਸਿੰਘ ਹਰਿਓਂ ਖੁਰਦ, ਹੰਸਰਾਜ ਲੱਧੜਾ, ਗੁਰਚਰਨ ਸਿੰਘ ਖੱਟਰਾਂ, ਹਰਬੰਸ ਸਿੰਘ ਬਗਲੀ ਕਲਾਂ, ਕੁਲਦੀਪ ਸਿੰਘ ਕੁੱਲੇਵਾਲ, ਨੂਰ ਮੁਹੰਮਦ ਰਾਜੇਵਾਲ, ਗੁਰਚਰਨ ਸਿੰਘ ਗੱਗੜਾ ਅਤੇ ਸਿਕੰਦਰ ਸਿੰਘ ਮੁੰਡਿਆਲਾ ਖੁਰਦ ਆਦਿ ਹਾਜ਼ਰ ਸਨ।
Punjab Post Daily Online Newspaper & Print Media