ਸਾਵਧਾਨੀਆਂ ਦਾ ਖਿਆਲ ਰੱਖ ਕੇ ਕੋਲਡ ਵੇਵ ਤੋਂ ਬਚਿਆ ਜਾ ਸਕਦਾ ਹੈ
ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਦੀ ਦੇ ਇਸ ਮੌਸਮ ਵਿਚ ਠੰਡੀਆਂ ਹਵਾਵਾਂ ਚੱਲਣ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਣ ਲਈ ਲੋਕਾਂ ਨੂੰ
ਅਗਾਉਂ ਤੋਂ ਹੀ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।ਜ਼ਿਲ੍ਹਾ ਵਾਸੀਆਂ ਨੂੰ ਆਪਣੇ-ਆਪ ਦੇ ਨਾਲ-ਨਾਲ, ਪਸ਼ੂਆਂ, ਫਸਲਾਂ ਅਤੇ ਹੋਰਨਾਂ ਵਸਤਾਂ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਪ੍ਰਬੰਧ ਮੁਕੰਮਲ ਕਰਨੇ ਚਾਹੀਦੇ ਹਨ।ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦੀ ਦੇ ਮੌਸਮ ਵਿਚ ਕੋਲਡ ਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਪ੍ਰੇਰਿਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਠੰਡ ਤੋਂ ਬਚਣ ਲਈ ਪਹਿਲਾਂ ਤੋਂ ਹੀ ਸਰਦੀਆਂ ਦੇ ਕਪੜੇ ਤਿਆਰ ਰੱਖਣੇ ਚਾਹੀਦੇ ਹਨ, ਮੋਟੇ ਕਪੜੇ ਸਰਦੀਆਂ ਤੋਂ ਬਚਣ ਵਿਚ ਸਹਾਈ ਹੁੰਦੇ ਹਨ।ਜਰੂਰੀ ਵਸਤਾਂ ਜਿਵੇਂ ਖਾਣਾ, ਪਟਰੋਲ, ਬੈਟਰੀਆਂ, ਚਾਰਜ਼ਰ, ਦਵਾਈਆਂ ਆਦਿ ਦਾ ਪ੍ਰਬੰਧ ਅਗਾਊਂ ਤੋਂ ਹੀ ਆਪਣੇ ਕੋਲ ਹੋਣਾ ਯਕੀਨੀ ਬਣਾਉਣਾ ਚਾਹੀਦਾ ਹੈ।ਇਸ ਤੋਂ ਇਲਾਵਾ ਘਰ ਦੇ ਦਰਵਾਜਿਆਂ ਤੇ ਖਿੜਕਿਆਂ ਨੂੰ ਚੰਗੀ ਤਰ੍ਹਾਂ ਬੰਦ ਰੱਖਦਾ ਚਾਹੀਦਾ ਹੈ ਤਾਂ ਜ਼ੋ ਕੋਲਡ ਵੇਵ ਘਰ ਦੇ ਅੰਦਰ ਦਾਖਲ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਫਲੂ, ਨੱਕ ਦਾ ਵਗਣਾ ਜਾਂ ਹੋਰ ਬਿਮਾਰੀ ਵਾਲੇ ਲੱਛਣ ਹੋਣ ’ਤੇ ਪਹਿਲਾਂ ਤੋਂ ਹੀ ਡਾਕਟਰੀ ਸਹਾਇਤਾ ਲੈ ਲਈ ਜਾਵੇ ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਜਦੋਂ ਠੰਡੀਆਂ ਹਵਾਵਾਂ ਚਲਦੀਆਂ ਹਨ ਤਾਂ ਉਸ ਸਮੇਂ ਵੀ ਸਾਵਧਾਨੀਆਂ ਵਰਤ ਕੇ ਅਸੀਂ ਕੋਲਡ ਵੇਵ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਅੰਦਰ ਰਹਿ ਕੇ ਅਤੇ ਘੱਟ ਤੋਂ ਘੱਟ ਆਵਾਜਾਈ ਕਰਕੇ, ਪੂਰੇ ਅਤੇ ਮੋਟੇ ਕਪੜੇ ਪਾ ਕੇ, ਹਵਾ ਦਾਖਲ ਨਾ ਹੋਣ ਵਾਲੇ ਨਾਇਲੋਨ ਤੇ ਕੋਟਨ ਦੇ ਕਪੜੇ ਆਦਿ ਪਾ ਕੇ ਬਚਿਆ ਜਾ ਸਕਦਾ ਹੈ।ਕੱਸੇ ਕਪੜੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜ਼ੋ ਖੂਨ ਦਾ ਸਰਕੂਲੇਸ਼ਨ ਚਲਦਾ ਰਹੇ।ਆਪਣੇ ਆਪ ਨੂੰ ਜਿੰਨਾ ਹੋ ਸਕੇ ਸੁੱਕਾ ਰੱਖਿਆ ਜਾਵੇ ਅਤੇ ਕਪੜੇ ਗਿੱਲੇ ਹੋਣ ’ਤੇ ਤੁਰੰਤ ਕਪੜੇ ਬਦਲੇ ਜਾਣ।ਦਸਤਾਨਿਆਂ ਦੀ ਵਰਤੋਂ ਵੀ ਕੀਤੀ ਜਾਵੇ ਤਾਂ ਜ਼ੋ ਹੱਥ ਨਾ ਠੰਡੇ ਹੋਣ।ਨੱਕ ਅਤੇ ਮੂੰਹ ਨੂੰ ਮਾਸਕ ਨਾਲ ਜ਼ਰੂਰ ਢੱਕਿਆ ਜਾਵੇ।ਇਹ ਹੋਰਨਾਂ ਬਿਮਾਰੀਆਂ ਦੇ ਨਾਲ-ਨਾਲ ਕਰੋਨਾ ਵਾਇਰਸ ਤੋਂ ਬਚਣ ਲਈ ਸਭ ਤੋਂ ਫਾਇਦੇਮੰਦ ਤਰੀਕਾ ਹੈ।ਕੈਪ ਤੇ ਮਫਲਰ ਦੀ ਵਰਤੋਂ ਵੀ ਜ਼ਰੂਰ ਕੀਤੀ ਜਾਵੇ।ਪੋਸ਼ਟਿਕ ਭੋਜਨ ਵਿੱਚ ਫਲ ਤੇ ਸਬਜੀਆਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ, ਖਾਸ ਤੌਰ ’ਤੇ ਵਿਟਾਮਿਨ ਸੀ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਜ਼ੋ ਕਿ ਆਪਣੀ ਇੰਮਿਊਨਿਟੀ ਵਧਾਉਂਦਾ ਹੈ।ਗਰਮ ਚੀਜਾਂ ਪੀਤੀਆਂ ਜਾਣ ਜਿਸ ਨਾਲ ਆਪਣੇ ਸ਼ਰੀਰ ਅੰਦਰ ਠੰਡ ਨਾਲ ਲੜਣ ਦੀ ਸ਼ਕਤੀ ਪੈਦਾ ਹੁੰਦੀ ਹੈ।ਚਿਹਰੇ ’ਤੇ ਤੇਲ, ਕਰੀਮ ਆਦਿ ਲਗਾਈ ਜਾਵੇਗੀ।ਨਵ ਜਨਮੇ ਬੱਚਿਆਂ, ਬਜ਼ੁਰਗਾਂ ਜਾਂ ਕੱਲੇ ਰਹਿਣ ਵਾਲੇ ਵਿਅਕਤੀਆਂ ਦਾ ਖਾਸ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੂਆਂ ਨੂੰ ਤਾਕਤ ਲਈ ਆਮ ਨਾਲੋਂ ਵਧੇਰੇ ਚਾਰੇ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਲਡ ਵੇਵ ਦੌਰਾਨ ਪਸ਼ੁਆਂ ਦੀ ਪ੍ਰਜਾਤੀ ਵਧਣ ’ਚ ਵੀ ਦਿੱਕਤ ਆਉਂਦੀ ਹੈ, ਸੋ ਇਨ੍ਹਾਂ ਦੀ ਸੰਭਾਲ ਕਰਨੀ ਲਾਜ਼ਮੀ ਹੈ।ਪਸ਼ੂਆਂ ਦੇ ਠਹਿਰਨ ਵਾਲੀ ਥਾਂ ਚਾਰੋਂ ਪਾਸੇ ਤੋਂ ਕਵਰ ਹੋਣੀ ਚਾਹੀਦੀ ਹੈ ਤਾਂ ਜ਼ੋ ਕਿਸੇ ਪਾਸੋਂ ਵੀ ਹਵਾ ਦਾਖਲ ਨਾ ਹੋ ਸਕੇ।ਪੂਰੀ ਖੁਰਾਕ ਦੇ ਕੇ, ਵਧੀਆ ਕੁਆਲਿਟੀ ਦੇ ਚਾਰੇ ਦੀ ਵਰਤੋਂ, ਪਸ਼ੂਆਂ ਦੇ ਸ਼ੈਡਾਂ ’ਚ ਸੂਰਜ ਦੀ ਰੋਸ਼ਨੀ ਦੀ ਆਮਦ ਨਾਲ ਅਤੇ ਪਸ਼ੂਆਂ ਦੇ ਹੇਠਾਂ ਪਰਾਲੀ ਵਿਛਾ ਕੇ ਅਤੇ ਹੋਰ ਲੋੜੀਂਦੇ ਸਾਧਨਾਂ ਦੀ ਵਰਤੋਂ ਕਰਕੇ ਪਸ਼ੂਆਂ ਨੂੰ ਠੰਡ ਤੋਂ ਬਚਾਇਆ ਜਾ ਸਕਦਾ ਹੈ।
Punjab Post Daily Online Newspaper & Print Media