Monday, April 20, 2026

ਸਰਕਾਰੀ ਸਕੂਲਾਂ ਦੀ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਅੱਜ ਤੋਂ

ਸਕੂਲ ਮੁਖੀ ਵਿਦਿਆਰਥੀ ਹਿੱਤ ‘ਚ ਚਲਾਈਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਪੇਸ਼ ਕਰਨ- ਡੀ.ਈ.ਓ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ‘ਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਦਸੰਬਰ ਮਹੀਨੇ ਕੀਤੇ ਮੁਲਾਂਕਣ ਦਾ ਵਿਸ਼ਲੇਸ਼ਣ ਕਰਨ ਲਈ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਅੱਜ ਤੋਂ ਕਰਵਾਈ ਜਾ ਰਹੀ ਹੈ।ਜਿਸ ਵਿੱਚ ਸਕੂਲ ਮੁਖੀਆਂ ਤੇ ਸਕੂਲ ਅਧਿਆਪਕਾਂ ਵਲੋਂ ਜਿਥੇ ਵਿਦਿਆਰਥੀਆਂ ਦੀ ਕਾਰਗੁਜਾਰੀ ਸੰਬੰਧੀ ਮਾਪਿਆਂ ਨਾਲ ਵਿਚਾਰ ਸਾਂਝੇ ਕੀਤੇ ਜਾਣਗੇ।ਉਥੇ ਹੀ ਵਿਦਿਆਰਥੀ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵਿਭਾਗੀ ਗਤੀਵਿਧੀਆਂ ਸੰਬੰਧੀ ਜਾਣੂ ਕਰਵਾਇਆ ਜਾਵੇਗਾ।
                 ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਕੰਵਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ‘ਚ ਕਰਵਾਈ ਜਾਣ ਵਾਲੀ ਮਾਪੇ-ਅਧਿਆਪਕ ਮਿਲਣੀ ਦਾ ਉਦੇਸ਼ ਮਾਪਿਆਂ ਨੂੰ ਵਿਦਿਆਰਥੀਆਂ ਦੀ ਦਸੰਬਰ ਮਹੀਨੇ ਦੇ ਮੁਲਾਂਕਣ ਦੀ ਵਿਸ਼ਾਵਾਰ ਕਾਰਗੁਜ਼ਾਰੀ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਕੂਲ ਮੁਖੀਆਂ ਵਲੋਂ ਡਾਟਾ ਵਿਸਲੇਸ਼ਣ ਦੇ ਆਧਾਰ ‘ਤੇ ਵਿਦਿਆਰਥੀਆਂ ਦੇ ਕਮਜੋਰ ਪੱਖਾਂ ਤੋਂ ਮਾਪਿਆਂ ਨੂੰ ਜਾਣੂ ਕਰਵਾਉਣਾ ਹੈ ਤਾਂ ਕਿ ਭਵਿੱਖ ਵਿੱਚ ਮਾਪਿਆਂ ਦੇ ਸਹਿਯਿੋਗ ਸਦਕਾ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।
                ਜਾਰੀ ਏਜੰਡਿਆਂ ਅਨੁਸਾਰ ਮਿਲਣੀ ਵਿੱਚ ਸਕੂਲ ਮੁਖੀ ਤੇ ਅਧਿਆਪਕ ਮਾਪਿਆਂ ਨੂੰ ਸ਼ਤ-ਪ੍ਰਤੀਸ਼ਤ, ਵਿਦਿਆਰਥੀਆਂ ਦੀ ਪੜਾਈ ਵਿੱਚ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਹਾਜ਼ਰੀ, ਰੋਜ਼ਾਨਾ ਹੋਮਵਰਕ ਦੀ ਕਾਰਗੁਜਾਰੀ ਸੰਬੰਧੀ ਜਾਣਕਾਰੀ ਦੇਣ, ਸਕੂਲ ਅਤੇ ਅਧਿਆਪਕਾਂ ਵਲੋਂ ਬੱਚਿਆਂ ਦੀ ਪੜਾਈ ਦੀ ਬਿਹਤਰੀ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਪ੍ਰੋਜੈਕਟਰਾਂ ਦੀ ਮਦਦ ਨਾਲ ਮਾਪਿਆਂ ਦੀ ਹਾਜਰੀ ਵਿੱਚ ਪੇਸ਼ਕਾਰੀ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਮਿਲਣੀ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਮਾਪਿਆਂ, ਪੰਚਾਇਤ ਮੈਂਬਰਾਂ, ਮਿਡ-ਡੇ-ਮੀਲ ਵਰਕਰਾਂ, ਐਸ.ਐਮ.ਸੀ ਮੈਂਬਰਾਂ ਤੇ ਹੋਰ ਪਤਵੰਤਿਆਂ ਤੱਕ ਪਹੁੰਚ ਕਰਨ ਦਾ ਟੀਚਾ ਮਿਥਿਆ ਗਿਆ ਹੈ।
                    ਡੀ.ਈ.ਓ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਨੂੰ ਏਜੰਡੇ ਅਨੁਸਾਰ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਦਕਿ ਪੜ੍ਹੋ ਪੰਜਾਬ ਪੜਾਓ ਪੰਜਾਬ ਦੀ ਸਮੁੱਚੀ ਟੀਮ ਇਸ ਮਿਲਣੀ ਵਿੱਚ ਅਧਿਆਪਕਾਂ ਦੇ ਨਾਲ ਸਹਿਯੋਗੀ ਦੇ ਤੌਰ ਤੇ ਹਾਜ਼ਰ ਰਹਿ ਕੇ ਇਕੱਤਰ ਕੀਤੇ ਡਾਟੇ ਨੂੰ ਦਰਪਣ ਐਪ ‘ਤੇ ਨਿਰਧਾਰਿਤ ਪ੍ਰੋਫਾਰਮੇਂ ਵਿੱਚ ਦਰਜ਼ ਕਰਨਾ ਯਕੀਨੀ ਬਣਾਉਣਗੇ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …