ਨਵ-ਜੰਮੀਆਂ ਧੀਆਂ ਨੂੰ ਲੋਹੜੀ ਵੰਡ ਕੇ ਜਿਲ੍ਹੇ ਵਿਚ ਲੋਹੜੀ ਸਮਾਗਮਾਂ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਸਪੋਰਟਸ ਕਿੱਟਾਂ ਵੰਡਣ, ਸਮਾਰਟ ਮੀਟਰ ਲਗਾਉਣ,
ਝੁੱਗੀ-ਝੌਪੜੀ ਵਿਚ ਰਹਿਣ ਵਾਲੇ ਲੋਕਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇਣ ਲਈ ਬਸੇਰਾ ਸਕੀਮ, ਖਪਤਕਾਰ ਮਾਮਲਿਆਂ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਤੇ ਨਿਪਟਾਰੇ ਲਈ ਈ-ਦਾਖਲ ਪੋਰਟਲ ਦੀ ਸ਼ੁਰੂਆਤ ਕਰਨ ਅਤੇ ਧੀਆਂ ਦੀ ਲੋਹੜੀ ਮਨਾਉਣ ਲਈ ਪੰਜਾਬ ਭਰ ਵਿਚ ਆਨਲਾਈਨ ਕਰਵਾਏ ਗਏ ਸਮਾਗਮਾਂ ਤਹਿਤ ਅੰਮ੍ਰਿਤਸਰ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਐਲਾਨ ਕੀਤਾ ਕਿ ਜਿਲ੍ਹੇ ਦੇ ਸਾਰੇ ਯੂਥ ਕੱਲਬਾਂ ਨੂੰ ਯੂਥ ਵਿਕਾਸ ਬੋਰਡ ਵੱਲੋਂ ਸਪੋਰਟਸ ਕਿੱਟਾਂ ਦੇ ਕੇ ਖੇਡ ਸਭਿਆਚਾਰ ਨੂੰ ਪ੍ਰਫੁਲਿਤ ਕੀਤਾ ਜਾਵੇਗਾ, ਜਿਸ ਨਾਲ ਨੌਜਵਾਨ ਨਾ ਕੇਵਲ ਨਸ਼ੇ ਦੀ ਬਿਮਾਰੀ ਤੋਂ ਬਚੇ ਰਹਿਣਗੇ, ਬਲਕਿ ਖੇਡਾਂ ਵਿਚ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਅੱਗੇ ਆਉਣਗੇ।ਉਨਾਂ ਮੁੱਖ ਮੰਤਰੀ ਵੱਲੋਂ ਕੀਤੀ ਇਸ ਸ਼ੁਰੂਆਤ ਦਾ ਧੰਨਵਾਦ ਕਰਦੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅੱਜ ਸ਼ੁਰੂ ਕੀਤੇ ਗਏ ਸਾਰੇ ਪ੍ਰਾਜੈਕਟ ਹੀ ਵੱਖ-ਵੱਖ ਸ੍ਰੇਣੀਆਂ ਦੀ ਭਲਾਈ ਵਿਚ ਵੱਡਾ ਯੋਗਦਾਨ ਪਾਉਣਗੇ।ਉਨਾਂ ਇਸ ਮੌਕੇ ਨਵ-ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਸਮਾਗਮਾਂ ਦੀ ਸ਼ੁਰੂਆਤ ਵਜੋਂ ਪੰਜ ਧੀਆਂ ਤੇ ਉਨਾਂ ਦੀਆਂ ਮਾਵਾਂ ਨੂੰ ਲੋਹੜੀ ਵੰਡੀ।ਸੋਨੀ ਨੇ ਕਿਹਾ ਕਿ ਧੀਆਂ ਦੀ ਲੋਹੜੀ ਸਮਾਜ ਵਿਚ ਲੜਕੀਆਂ ਨੂੰ ਬਰਾਬਤਾ ਦਾ ਹੱਕ, ਪਿਆਰ, ਸਤਿਕਾਰ ਤੇ ਬਰਾਬਰ ਰੁਤਬਾ ਦਿਵਾਉਣ ਵਿਚ ਵੱਡਾ ਯੋਗਦਾਨ ਪਾ ਰਹੀ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਉਨਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਅੱਜ ਪੰਜਾਬ ਦੇ ਸ਼ਹਿਰਾਂ ਵਿਚ ਝੁੱਗੀ-ਝੌਪੜੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪਲਾਟ ਦੇ ਮਾਲਕਾਨਾ ਹੱਕ ਦੇਣ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਉਸ ਨਾਲ ਜ਼ਰਰਤਮੰਦ ਲੋਕਾਂ ਨੂੰ ਰਹਿਣ ਲਈ ਆਪਣੀ ਛੱਤ ਮਿਲੇਗੀ ਅਤੇ ਨਾਲ ਹੀ ਪਲਾਟ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ।
ਇਸ ਮੌਕੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐਨ.ਐਯੂ.ਆਈ ਦੇ ਪ੍ਰਧਾਨ ਅਕਸ਼ੈ ਕੁਮਾਰ ਸ਼ਰਮਾ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਚੇਅਰਮੈਨ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸਹਾਇਕ ਕਮਿਸ਼ਨਰ ਸੰਦੀਪ ਰਿਸ਼ੀ, ਚੇਅਰਮੈਨ ਅਰੁਣ ਪੱਪਲ, ਸ਼ਹਿਰੀ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਐਸ.ਡੀ.ਐਮ ਵਿਕਾਸ ਹੀਰਾ, ਐਕਸੀਅਨ ਜਤਿੰਦਰ ਸਿੰਘ, ਐਕਸੀਅਨ ਗੁਰਸ਼ਰਨਜੀਤ ਸਿੰਘ ਖਹਿਰਾ, ਜਿਲ੍ਹਾ ਖੇਡ ਅਧਿਕਾਰੀ ਗੁਰਲਾਲ ਸਿੰਘ, ਡੀ.ਐਫ.ਐਸ.ਸੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media