ਅੰਮ੍ਰਿਤਸਰ ਨੂੰ ਓ.ਡੀ.ਐਫ ਤੋਂ ਮਿਲੀਆਂ ਓ.ਡੀ.ਐਫ ਪਲੱਸ-ਪਲੱਸ ਸਿਟੀ ਦਾ ਦਰਜ਼ਾ -ਮੇਅਰ
ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ / ਸੁਖਬੀਰ ਸਿੰਘ) – ਸਮਾਰਟ ਸਿਟੀ ਮਿਸ਼ਨ ਤਹਿਤ ਖਰੀਦੀ ਗਈ ਮਕੈਨੀਕਲ ਰੋਡ ਵੈਕਯੁਮ ਸਵੀਪਿੰਗ ਮਸ਼ੀਨ ਦਾ
ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਨਗਰ ਨਿਗਮ ਦੇ ਛੇਹਰਟਾ ਵਿਖੇ ਜ਼ੋਨ ਨੰਬਰ 8 ਦਫ਼ਤਰ ਵਿਖੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਅਤੇ ਡਿਪਟੀ ਮੇਅਰ ਰਮਨ ਬਖਸ਼ੀ ਦੀ ਹਾਜ਼ਰੀ ਵਿੱਚ ਕੀਤਾ ਗਿਆ।ਮੇਅਰ ਨੇ ਇਸ ਸਮੇਂ ਮਾਘੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਇਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿਚ ਸਫਾਈ ਦਾ ਕੰਮ ਤੇਜ਼ ਅਤੇ ਆਧੁਨਿਕ ਤਰੀਕੇ ਨਾਲ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਨਿਗਮ ਦੇ ਸੈਨੀਟੇਸ਼ਨ ਵਿਭਾਗ ਅਤੇ ਲੋਕਾਂ ਦੇ ਸਹਿਯੋਗ ਨਾਲ ਕੀਤੇ ਯਤਨਾਂ ਸਦਕਾ ਸ਼ਹਿਰ ਨੂੰ ਓਪਨ ਡੈਫੀਕੇਸ਼ਨ ਫਰੀ (ਓ.ਡੀ.ਐਫ) ਸਿਟੀ ਤੋਂ ਓ.ਡੀ.ਐਫ ਪਲੱਸ-ਪਲੱਸ ਦਾ ਦਰਜ਼ਾ ਮਿਲਿਆ ਹੈ।
ਮੇਅਰ ਨੇ ਨਿਗਮ ਦੇ ਸੈਨੀਟਸ਼ਨ ਵਿਭਾਗ ਵਲੋਂ ਇਥੇ ਬਣਾਈ ਗਈ ਨੇਕੀ ਦੀ ਦੀਵਾਰ ਦਾ ਉਦਘਾਟਨ ਵੀ ਕੀਤਾ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਕੋਲ ਜਰੂਰਤ ਤੋਂ ਵੱਧ ਕੱਪੜੇ, ਖਾਣ-ਪੀਣ ਦੀਆਂ ਚੀਜ਼ਾਂ ਜਾਂ ਕੋਈ ਹੋਰ ਵਰਤੋਂ ਯੋਗ ਚੀਜ਼ਾਂ ਹੋਣ, ਤਾਂ ਉਹ ਇਸ ਨੇਕੀ ਦੀ ਦੀਵਾਰ ’ਤੇ ਛੱਡ ਕੇ ਜਾ ਸਕਦੇ ਹਨ।ਇਥੋਂ ਲੋੜਵੰਦ ਆਪਣੀਆਂ ਜ਼ਰੂਰਤਾਂ ਅਨੁਸਾਰ ਸਮਾਨ ਲੈ ਕੇ ਜਾ ਸਕਦਾ ਹੈ।ਅੰਮ੍ਰਿਤਸਰ ਸਮਾਰਟ ਸਿਟੀ ਦੀ ਸ.ੀਈ.ਓ ਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ 47.50 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਮਕੈਨੀਕਲ ਰੋਡ ਵੈਕਯੁਮ ਸਵੀਪਿੰਗ ਮਸ਼ੀਨ ਨਗਰ ਨਿਗਮ ਨੂੰ ਸੌਂਪੀ ਗਈ ਹੈ।ਜੋ ਇਕ ਘੰਟੇ ਵਿਚ 6 ਤੋਂ 7 ਕਿਲੋਮੀਟਰ ਦੀ ਸੜਕ ਨੂੰ ਪੂਰੀ ਤਰ੍ਹਾਂ ਸਾਫ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਓ.ਡੀ.ਐਫ ਸਿਟੀ ਤੋਂ ਓ.ਡੀ.ਐਫ ਪਲੱਸ-ਪਲੱਸ ਸਿਟੀ ਦਾ ਦਰਜ਼ਾ ਮਿਲਣਾ ਮਾਣ ਵਾਲੀ ਗੱਲ ਹੈ।
ਇਸ ਮੌਕੇ ਡਾ. ਸੰਜੇ ਕੰਵਰ, ਡਾ. ਯੋਗੇਸ਼ ਅਰੋੜਾ ਆਦਿ ਵੀ ਮੌਜ਼ੂਦ ਸਨ।
Punjab Post Daily Online Newspaper & Print Media