ਰਾਜਨੀਤਿਕ ਪਾਰਟੀਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਸੀ.ਡੀ ਦਿੱਤੀ ਗਈ
ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ 1 ਜਨਵਰੀ 2021 ਦੀ ਯੋਗਤਾ ਮਿਤੀ ਦੇ ਅਧਾਰ ‘ਤੇ ਫੋਟੋ
ਵੋਟਰ ਸੂਚੀ ਸਾਲ 2021 ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵਲੋਂ ਨਿਰਧਾਰਤ ਸਥਾਨਾਂ ‘ਤੇ ਕਰਵਾਈ ਜਾ ਚੁੱਕੀ ਹੈ।ਇਹ ਵੋਟਰ ਸੂਚੀਆਂ ਆਮ ਜਨਤਾ ਦੇ ਵੇਖਣ ਲਈ ਸਬੰਧਤ ਬੀ.ਐਲ.ਓ, ਦਫ਼ਤਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜਿਲ੍ਹਾ ਚੋਣ ਦਫ਼ਤਰ ਵਿਖੇ ਉਪਲੱਬਧ ਹਨ।
ਵਧੀਕ ਜਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿੰਆਂ ਨਾਲ ਮੀਟਿੰਗ ਕੀਤੀ ਗਈ।ਜਿਸ ਸਮੇਂ ਪਾਰਟੀਆਂ ਨੂੰ ਬਿਨ੍ਹਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ ਅਤੇ ਫੋਟੋ ਵਾਲੀ ਵੋਟਰ ਸੂਚੀ ਦੀ ਹਾਰਡ ਕਾਪੀ ਦਿੱਤੀ ਕੀਤੀ ਗਈ।
ਡਾ. ਹਿਮਾਂਸ਼ੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ / ਇਤਰਾਜ਼ ਮਿਤੀ 16 ਨਵੰਬਰ 2020 ਤੋਂ 15 ਦਸੰਬਰ 2020 ਤੱਕ ਪ੍ਰਾਪਤ ਕੀਤੇ ਗਏ ਸਨ ਅਤੇ ਇਹਨਾਂ ਦਾ ਨਿਪਟਾਰਾ 5 ਜਨਵਰੀ 2021 ਤੱਕ ਸਬੰਧਤ ਈ.ਆਰ.ਓ ਵਲੋਂ ਕੀਤਾ ਗਿਆ ਸੀ।ਇਸ ਦੌਰਾਨ ਜਿਲ੍ਹਾ ਅੰਮ੍ਰਿਤਸਰ ਵਿੱਚ ਪੈਂਦੇ 11 ਵਿਧਾਨ ਸਭਾ ਚੋਣ ਹਲਕਿਆ ਵਿੱਚ ਕੁੱਲ 37038 ਨਵੇਂ ਵੋਟਰ ਰਜਿਸਟਰਡ ਕੀਤੇ ਗਏ, 16647 ਵੋਟਰਾਂ ਦੀ ਕਟੌਤੀ ਕੀਤੀ ਗਈ, 11091 ਵੋਟਰਾਂ ਦੇ ਵੇਰਵਿਆਂ ਵਿੱਚ ਸੋਧ ਕੀਤੀ ਗਈ।ਮਿਤੀ 15.01.2021 ਨੂੰ ਪ੍ਰਕਾਸ਼ਿਤ ਵੋਟਰ ਸੂਚੀ ਅਨੁਸਾਰ ਜਿਲ੍ਹੇ ਵਿੱਚ ਕੁੱਲ 18,78,015 ਵੋਟਰ ਹਨ, ਜਿਸ ਵਿੱਚ 9,93,365 ਮਰਦ ਵੋਟਰ, 8,84,583 ਔਰਤਾਂ ਅਤੇ 67 ਟਰਾਂਸਜੈਂਡਰ ਵੋਟਰ ਸ਼ਾਮਲ ਹਨ।
ਇਸ ਮੌਕੇ ਰਾਜਿੰਦਰ ਸਿੰਘ ਚੋਣ ਤਹਿਸੀਲਦਾਰ ਅਤੇ ਅਮਰਿੰਦਰਪਾਲ ਸਿੰਘ, ਚੋਣ ਕਾਨੂੰਗੋ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਰਾਜੀਵ ਬਾਵਾ, ਹਰਗੁਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਸੱਤਪਾਲ ਡੋਗਰਾ, ਸੁਬੇਗ ਸਿੰਘ ਗਿੱਲ, ਕਮਿਊਨਿਸਟ ਪਾਰਟ ਆਫ਼ ਇੰਡੀਆ ਤੋਂ ਨਰਿੰਦਰ ਸਿੰਘ, ਆਮ ਆਦਮੀ ਪਾਰਟੀ ਤੋਂ ਮੈਡਮ ਜੀਵਨ ਜੋਤ ਆਦਿ ਹਾਜ਼ਰ ਸਨ।
Punjab Post Daily Online Newspaper & Print Media