ਧੂਰੀ, 16 ਜਨਵਰੀ (ਪ੍ਰਵੀਨ ਗਰਗ) -ਪਨਗ੍ਰੇਨ ਦੇ ਆਊਟਸੋਰਸ ਕਰਮਚਾਰੀਆਂ ਦੀ ਮੀਟਿੰਗ ਸਾਥੀ ਇੰਦਰ ਸ਼ਰਮਾ ਦੀ ਪ੍ਰਧਾਰਗੀ ਵਿੱਚ ਹੋਈ।ਜਿਸ ਵਿੱਚ ਵਿਸ਼ੇਸ਼
ਤੌਰ ‘ਤੇ ਸ਼ਾਮਲ ਹੋਏ ਪੰਜਾਬ ਫੂਡ ਗ੍ਰੇਨ ਏਜੰਸੀਜ਼ ਦਰਜ਼ਾ ਚਾਰ ਅਤੇ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਦਸੰਬਰ 2016 ਵਿੱਚ ਤਿੰਨ ਸਾਲ ਦੀ ਸਰਵਿਸ ਵਾਲੇ ਆਊਟਸੋਰਸ ਕਰਮਚਾਰੀਆਂ ਨੂੰ ਇਨਸੋਰਸ ਕਰਨ ਅਤੇ ਇਨਸੋਰਸ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤਾ ਸੀ।ਪਰ 2017 ‘ਚ ਚੋਣ ਜ਼ਾਬਤਾ ਲੱਗਣ ‘ਤੇ ਇਹ ਕਨੂੰਨ ਲਾਗੂ ਨਹੀਂ ਹੋ ਸਕਿਆ।ਕੈਪਟਨ ਸਰਕਾਰ ਵਲੋਂ ਵੀ ਗੱਦੀ ਸੰਭਾਲਣ ਉਪਰੰਤ ਪਹਿਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਕਾਨੂੰਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ।ਪਰ ਚਾਰ ਸਾਲ ਬੀਤਣ ਉਪਰੰਤ ਵੀ ਮੁਲਾਜ਼ਮ ਵੈਲਫੇਅਰ ਐਕਟ 2016 ਲਾਗੂ ਕਰਨਾ ਤਾਂ ਇੱਕ ਪਾਸੇ ਠੇਕਾ ਕੰਪਨੀਆਂ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਕਾਨੂੰਨ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਕੇ ਮਜ਼ਦੂਰ ਮਾਰੂ ਫੈਸਲੇ ਕੀਤੇ ਜਾ ਰਹੇ ਹਨ।ਪਿਛਲੇ ਹਫਤੇ 12 ਜਨਵਰੀ ਨੂੰ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਸਿਰਫ ਸਰਕਾਰ ਅਧੀਨ ਕੰਮ ਕਰਦੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਸਿੱਧੀ ਭਰਤੀ ਦੀਆਂ ਅਸਾਮੀਆਂ ਵਿਰੁੱਧ ਅਰਜ਼ੀ ਦੇਣ ਲਈ ਉਪਰਲੀ ਉਮਰ ਹੱਦ ਵਿੱਚ ਛੋਟ ਦੇਣ ਦੀ ਆੜ ਹੇਠ ਵੱਖੋ-ਵੱਖ ਵਿਭਾਗਾਂ ਵਿੱਚ ਲੰਮੇਂ ਸਮੇਂ ਤੋਂ ਪੱਕਾ ਹੋਣ ਦੀ ਉਡੀਕ ਵਿੱਚ ਬੈਠੇ, ਕੱਚੇ, ਐਡਹਾਕ, ਦਿਹਾੜੀਦਾਰ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਕੈਪਟਨ ਸਰਕਾਰ ਪੂਰੀ ਤਰ੍ਹਾਂ ਮੁੱਕਰ ਗਈ ਹੈ।ਜਿਸ ਨਾਲ 10-15 ਸਾਲਾਂ ਤੋਂ ਪੱਕਾ ਹੋਣ ਦੀ ਆਸ ਵਿੱਚ ਬੈਠੇ ਲੱਖਾਂ ਕਰਮਚਾਰੀਆਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ।ਰਾਣਵਾਂ ਨੇ ਅੱਗੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਗੁਰਮੀਤ ਸਿੰਘ ਮਿੱਡਾ ਜਿਲਾ ਪ੍ਰਧਾਨ, ਹੰਸ ਰਾਜ ਦੀਦਾਰਗੜੁ, ਚਰਨਜੀਤ ਸਿੰਘ, ਬਹਾਦਰਪਾਲ, ਬਲਵਿੰਦਰ ਸਿੰਘ, ਹਰਦੀਪ ਕੁਮਾਰ ਸੋਨੀ, ਹਰਪਾਲ ਸਿੰਘ, ਕੁਲਜੀਤ ਸਿੰਘ, ਸੰਦੀਪ ਸਿੰਘ, ਬਿਕਰਜੀਤ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਪਹਿਲਾਂ ਹੀ ਪੁਨਰਗਠਨ ਦੀ ਆੜ ‘ਚ ਕਈ ਵਿਭਾਗਾਂ ਵਿੱਚੋਂ ਦਰਜ਼ਾ ਚਾਰ ਅਸਾਮੀਆਂ ਖਤਮ ਕਰਕੇ ਆਊਟਸੋਰਸਿੰਗ ਰਾਹੀਂ ਭਰਤੀ ਕਰਨ ਦਾ ਐਲਾਨ ਕਰ ਚੁੱਕੀ ਹੈ।ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮ ਭਲਾਈ ਐਕਟ 2016 ਤੁਰੰਤ ਲਾਗੂ ਕਰਕੇ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗਾਂ ‘ਚ ਪੱਕਾ ਕੀਤਾ ਜਾਵੇ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media