ਅੰਮ੍ਰਿਤਸਰ, 22 ਜਨਵਰੀ (ਖੁਰਮਣੀਆ) -ਉਘੇ ਅਰਥ-ਸ਼ਾਸਤਰੀ ਡਾ. ਮੌਂਟੇਕ ਸਿੰਘ ਆਹਲੂਵਾਲੀਆ ਦੀ ਸਵੈ-ਜੀਵਨੀ ਦੇ ਪੰਜਾਬੀ ਸੰਸਕਰਣ ਦੀ ਪ੍ਰਕਾਸ਼ਨਾ ਦਾ
ਸਵਾਗਤ ਕਰਨ ਲਈ ਖ਼ਾਲਸਾ ਕਾਲਜ ਵਿਖੇ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੁਸਤਕ ਦੇ ਅਨੁਵਾਦਕ ਤੇ ਕਾਲਜ ਦੇ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਦੀਪ ਜਗਦੀਪ ਸਿੰਘ ਨੇ ਪੁਸਤਕ ਦੀ ਪਹਿਲੀ ਕਾਪੀ ਪਿ੍ਰੰਸੀਪਲ ਡਾ. ਮਹਿਲ ਸਿੰਘ ਕਿਤਾਬ ਨੂੰ ਭੇਂਟ ਕੀਤੀ।ਇਸ ਮਹੱਤਵਪੂਰਨ ਪੁਸਤਕ ਦੀ ਪ੍ਰਕਾਸ਼ਨਾ ’ਤੇ ਪ੍ਰਿ. ਡਾ. ਮਹਿਲ ਸਿੰਘ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਨੁਵਾਦ ਦੋ ਭਾਸ਼ਾਵਾਂ ਜੋੜਨ ਵਾਲੇ ਪੁੱਲ ਦਾ ਕਾਰਜ਼ ਕਰਦਾ ਹੈ, ਜੋ ਇਕ ਭਾਸ਼ਾ ਦੇ ਗਿਆਨ ਨੂੰ ਦੂਜੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਾ ਕੇ ਗਿਆਨ ਦੇ ਆਦਾਨ-ਪ੍ਰਦਾਨ ਦਾ ਘੇਰਾ ਮੋਕਲਾ ਕਰਦਾ ਹੈ।ਆਪਣੀ ਮਾਂ-ਬੋਲੀ ਪੰਜਾਬੀ ’ਚ ਸੰਸਾਰ ਭਰ ਦੇ ਗਿਆਨ ਦੇ ਸਰੋਤ ਪ੍ਰਫ਼ੁਲਿੱਤ ਕਰਨੇ ਕਾਲਜ ਦੀ ਪ੍ਰੰਪਰਾ ਰਹੀ ਹੈ ਅਤੇ ਇਹ ਪੁਸਤਕ ਉਸੇ ਲੜੀ ਨੂੰ ਅੱਗੇ ਤੋਰਦੀ ਹੈ।ਕਾਲਜ ਆਪਣੇ ਵਿਦਿਆਰਥੀਆਂ, ਖੋਜਾਰਥੀਆਂ ਤੇ ਅਧਿਆਪਕਾਂ ਨੂੰ ਖੋਜ਼ ਤੇ ਸਿਰਜਣਾਤਮਕ ਕਾਰਜਾਂ ਵਾਸਤੇ ਮਾਹੌਲ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਅਕਾਦਮਿਕ ਤੇ ਸਮਾਜਿਕ ਖੇਤਰਾਂ ’ਚ ਆਪਣਾ ਬਣਦਾ ਯੋਗਦਾਨ ਦੇ ਸਕਣ।
ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਆਪਣਾ ਗਿਆਨ ਦਾ ਸਾਗਰ ਬਹੁਤ ਵਿਸ਼ਾਲ ਹੈ ਤੇ ਇਹ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਗਿਆਨ ਨੂੰ ਆਪਣੇ ਅੰਦਰ ਸਮਾਉਣ ਦੀ ਸਮਰੱਥਾ ਰੱਖਦਾ ਹੈ।ਇਸੇ ਕਰਕੇ ਨਾ ਸਿਰਫ਼ ਪੰਜਾਬ ਦਾ ਖਿੱਤਾ ਬਹੁ-ਭਾਸ਼ਾਈ ਰਿਹਾ ਹੈ, ਬਲਕਿ ਇਸ ਨੇ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸਾਹਿਤ ਤੇ ਗਿਆਨ ਨੂੰ ਵੀ ਆਪਣੇ ਵਿਸ਼ਾਲ ਘੇਰੇ ’ਚ ਸਮੋਇਆ ਹੈ।ਇਸ ਪੁਸਤਕ ਦਾ ਅਨੁਵਾਦ ਇਸ ਵਿਸ਼ਾਲ ਘੇਰੇ ’ਚ ਇਕ ਹੋਰ ਵਡਮੁੱਲਾ ਯੋਗਦਾਨ ਹੈ।ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਤੇ ਵਿਦਿਆਰਥੀਆਂ ਲਈ ਗਿਆਨ ਦੇ ਨਾਲ-ਨਾਲ ਪੇਰਨਾ ਦਾ ਵੀ ਸਰੋਤ ਬਣੇਗੀ।ਮੌਜੂਦਾ ਮਾਹੌਲ ’ਚ ਇਸ ਦੀ ਪ੍ਰਸੰਗਿਕਤਾ ਹੋਰ ਵੀ ਵੱਧ ਜਾਂਦੀ ਹੈ।
ਪੁਸਤਕ ਦੇ ਅਨੁਵਾਦਕ ਪ੍ਰੋ. ਦੀਪ ਜਗਦੀਪ ਸਿੰਘ ਨੇ ਪ੍ਰਾਪਤ ਹੋਈ ਹੱਲਾਸ਼ੇਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਸਿਰਜਣਾਤਮਕ ਤੇ ਉਤਸ਼ਾਹੀ ਮਾਹੌਲ ’ਤੇ ਪ੍ਰਿੰ. ਡਾ. ਮਹਿਲ ਸਿੰਘ ਦੀ ਪ੍ਰੇਰਣਾ ਸਦਕਾ ਇਹ ਕਾਰਜ ਸੰਭਵ ਹੋ ਸਕਿਆ ਇਹ ਹੈ।ਇਹ ਪੁਸਤਕ ਅਰਥ-ਸ਼ਾਸਤਰ, ਸੰਸਮਰਣ ਤੇ ਬਿਰਤਾਂਤਕਾਰੀ ਦਾ ਅਨੂਠਾ ਸੁਮੇਲ ਹੈ, ਜੋ ਡਾ. ਮੌਂਟੇਕ ਸਿੰਘ ਆਹਲੂਵਾਲੀਆ ਦੇ ਪ੍ਰੇਨਾਮਈ ਜੀਵਨ ਰਾਹੀਂ ਪਾਠਕਾਂ ਨੂੰ ਪ੍ਰੇਰਨਾ ਦੇਣ ਦੇ ਨਾਲ-ਨਾਲ ਦੇਸ਼ ਦੇ ਅਰਥਚਾਰੇ ਤੇ ਸਮਾਜ ’ਤੇ ਇਸ ਦੇ ਪ੍ਰਭਾਵ ਬਾਰੇ ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਦਿੰਦੀ ਹੈ।ਇਸ ਲਈ ਇਹ ਹਰ ਪਾਠਕ ਤੇ ਵਿਦਿਆਰਥੀ ਲਈ ਸਾਂਭਣਯੋਗ ਮੁੱਲਵਾਨ ਪੁਸਤਕ ਹੋ ਨਿਬੜਦੀ ਹੈ।
ਇਸ ਪੁਸਤਕ ਦਾ ਅਨੁਵਾਦ ਕਰਨ ਦਾ ਮੌਕਾ ਦੇਣ ਲਈ ਉਨ੍ਹਾਂ ਡਾ. ਮੌਂਟੇਕ ਸਿੰਘ ਆਹਲੂਵਾਲੀਆ ਤੇ ਪੁਸਤਕ ਦੇ ਪ੍ਰਕਾਸ਼ਕ ਲਾਹੌਰ ਬੁੱਕਸ, ਲੁਧਿਆਣਾ ਦੇ ਸੰਚਾਲਕ ਤੇਜਿੰਦਰਬੀਰ ਸਿੰਘ ਤੇ ਗੁਰਮੰਨਤ ਸਿੰਘ ਦਾ ਧੰਨਵਾਦ ਕੀਤਾ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media