ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ
ਕਪੂਰਥਲਾ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਨੇ ਕੌਮੀ ਵੋਟਰ ਦਿਵਸ ਮੌਕੇ
ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਵੋਟਰ ਜਾਗਰੂਕਤਾ ਲਈ ਦੂਤ ਵਜੋਂ ਕੰਮ ਕਰਨ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕੌਮੀ ਵੋਟਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸਾਡੇ ਦੇਸ਼ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਹਾਸਲ ਹੈ ਅਤੇ ਉਨਾਂ ਕਿਹਾ ਕਿ ਨੌਜਵਾਨਾਂ ਦੀ ਭੂਮਿਕਾ ਅਹਿਮ ਹੈ।ਉਨਾਂ ਵਲੋਂ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਲ੍ਹਾ ਚੋਣ ਅਫਸਰ ਵਲੋਂ ਵੋਟਰ ਜਾਗਰੂਕਤਾ ਲਈ ਕਰਵਾਏ ਗਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਨੂੰ ਬਿਹਤਰੀਨ ਸਵੀਪ ਗਤੀਵਿਧੀਆਂ ਲਈ ਸਰਬੋਤਮ ਚੋਣ ਰਜਿਸਟਰੇਸ਼ਨ ਅਫਸਰ ਦਾ ਅਵਾਰਡ ਦਿੱਤਾ ਗਿਆ।
ਇਸ ਤੋਂ ਇਲਾਵਾ ਆਨ ਲਾਈਨ ਕਵਿਜ਼ ਮੁਕਾਬਲਿਆਂ ਦੇ ਜੇਤੂਆਂ ਨੀਰੂ ਰਾਜਪਾਲ ਲੈਕਚਰਾਰ ਨੂੰ ਪਹਿਲਾ, ਕਰਨ ਚੋਪੜਾ ਵਿਦਿਆਰਥੀ ਨੂੰ ਦੂਜਾ ਅਤੇ ਹਰਵਿੰਦਰ ਮਹਵਾਹਾ ਪਿੰਡ ਬੂੜੇਵਾਲ ਨੂੰ ਤੀਜਾ ਸਥਾਨ ਪ੍ਰਾਪਤ ਕਰਨ ‘ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੇਖ ਮੁਕਾਬਲਿਆਂ ਤੇ ਜੇਤੂਆਂ ਵਿਚ ਸ੍ਰੀਮਤੀ ਮਨਦੀਪ ਪਿੰਡ ਲੱਖਪੁਰ ਨੂੰ ਪਹਿਲਾ, ਕਮਲਜੀਤ ਕੌਰ ਪਿੰਡ ਬਤਾਲਾ ਨੂੰ ਦੂਜਾ ਅਤੇ ਊਸ਼ਾ ਰਾਣੀ ਓਕਾਰ ਨਗਰ ਕਪੂਰਥਲਾ ਨੂੰ ਤੀਜ਼ਾ ਸਥਾਨ ਹਾਸਲ ਹੋਇਆ।
ਸਰਵੋਤਮ ਬੂਥ ਲੈਵਲ ਅਫਸਰ ਦੀ ਸ਼੍ਰੇਣੀ ਵਿੱਚ ਜਸਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ ਸਰਬੋਤਮ ਨੋਡਲ ਅਫਸਰ ਦੇ ਤੌਰ ਤੇ ਮਨਜੀਤ ਕੌਰ ਤੇ ਵੋਟਰ ਜਾਗਰੂਕਤਾ ਵਿਚ ਸਹਿਯੋਗ ਲਈ ਪ੍ਰੋ. ਸਰਬਜੀਤ ਸਿੰਘ ਅਤੇ ਐਨ.ਸੀ.ਸੀ ਟੀਮ ਸਰਕਾਰੀ ਸਕੂਲ ਲੜਕੇ ਦੇ ਕਮਾਂਡਰ ਕਮਲਜੀਤ ਸਿੰਘ ਤੇ ਉਨਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਸਵੀਪ ਆਈਕਨ ਯਾਦਵਿੰਦਰ ਸਿੰਘ ਯਾਦਾ (ਕਪਤਾਨ ਭਾਰਤੀ ਕਬੱਡੀ ਟੀਮ) ਨੇ ਵੀ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।
Punjab Post Daily Online Newspaper & Print Media