ਧੂਰੀ ਸਮੇਤ ਇਲਾਕੇ ਦੇ 40 ਤੋਂ ਵੱਧ ਨੇੜਲੇ ਪਿੰਡਾਂ ਦੀਆਂ ਗਰਭਵਤੀ ਮਹਿਲਾਵਾਂ ਤੇ ਆਮ ਲੋਕ ਪ੍ਰੇਸ਼ਾਨ
ਧੂਰੀ, 29 ਜਨਵਰੀ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੌਰਾਨ ਜ਼ਿਲ੍ਹਾ ਸੰਗਰੂਰ ਦੀਆਂ ਕੋਰੋਨਾ ਪੀੜਤ ਗਰਭਵਤੀ ਔਰਤਾਂ ਦਾ ਜਣੇਪਾ ਕੇਂਦਰ ਸਬ ਡਵਿਜ਼ਨਲ
ਸਿਵਲ ਹਸਪਤਾਲ ਧੂਰੀ ਵਿਖੇ ਜੂਨ 2020 ਵਿੱਚ ਕਰੀਬ 8 ਮਹੀਨੇ ਪਹਿਲਾਂ ਬਣਾਇਆ ਗਿਆ ਸੀ।ਜਿਸ ਦੌਰਾਨ ਇਸ ਜਣੇਪਾ ਕੇਂਦਰ ਵਿਖੇ ਕੇਵਲ 8 ਤੋਂ 15 ਔਰਤਾਂ ਦੀ ਡਲਿਵਰੀ ਹੀ ਹੋਈ ਹੈ।ਪ੍ਰੰਤੂ ਇਸ ਜਣੇਪਾ ਕੇਂਦਰ ਨੂੰ ਖੋਲ੍ਹਣ ਤੋਂ ਬਾਅਦ ਇਲਾਕੇ ਦੇ ਮਰੀਜ਼ਾਂ ਨੂੰ ਬਹੁਤ ਜਿਆਦਾ ਨੁਕਸਾਨ ਹੋਇਆ ਹੈ।ਕੋਰੋਨਾ ਜਣੇਪਾ ਕੇਂਦਰ ਬਣਨ ਤੋਂ ਬਾਅਦ ਜਿਥੇ ਇਸ ਸਿਵਲ ਹਸਪਤਾਲ ਨਾਲ ਜੁੜੇ ਧੂਰੀ ਸਮੇਤ ਇਲਾਕੇ ਦੇ ਲਗਭਗ 40 ਤੋਂ ਵੀ ਵੱਧ ਪਿੰਡਾਂ ਦੀਆਂ ਗਰਭਵਤੀ ਮਹਿਲਾਵਾਂ ਦਾ ਜਣੇਪਾ ਅਤੇ ਦੂਜੀਆਂ ਆਮ ਬਿਮਾਰੀਆਂ ਦੇ ਮਰੀਜ਼ਾਂ ਦਾ ਦਾਖਲਾ ਵੀ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਹੋਇਆ ਹੈ।ਇਸ ਵਕਤ ਕੇਵਲ ਐਮਰਜੈਂਸੀ ਸੇਵਾਵਾਂ ਵਾਲੇ ਮਰੀਜ਼ ਹੀ ਇਸ ਹਸਪਤਾਲ ਵਿੱਚ ਦਾਖਲ ਕੀਤੇ ਜਾਂਦੇ ਹਨ।ਜਿਸ ਕਾਰਨ ਹਜ਼ਾਰਾਂ ਆਮ ਮਰੀਜ਼ਾਂ ਦੇ ਨਾਲ-ਨਾਲ ਗਰਭਵਤੀ ਮਹਿਲਾਵਾਂ ਨੂੰ ਵੀ ਜਣੇਪਾ ਕਰਵਾਉਣ ਲਈ ਸਿਵਲ ਹਸਪਤਾਲ ਸੰਗਰੂਰ ਜਾਂ ਮਾਲੇਰਕੋਟਲਾ ਅਤੇ ਜਾਂ ਫਿਰ ਧੂਰੀ ਵਿਖੇ ਖੁੱਲੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਹੈ।
ਸਿਵਲ ਹਸਪਤਾਲ ਧੂਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਇਸ ਸੈਂਟਰ ਵਿੱਚ ਕਿਸੇ ਵੀ ਕੋਰੋਨਾ ਮਰੀਜ਼ ਦੀ ਡਲਿਵਰੀ ਨਹੀਂ ਹੋਈ ਅਤੇ ਨਾ ਹੀ ਕੋਈ ਕੋਰੋਨਾ ਗਰਭਵਤੀ ਮਰੀਜ਼ ਦਾਖਲ ਹੋਈ ਹੈ।ਇਨੀਂ ਦਿਨੀਂ ਸਿਵਲ ਹਸਪਤਾਲ ਧੂਰੀ ਵਿੱਚ ਕੇਵਲ ਓਟ ਸੈਂਟਰ ਦਾ ਕੰਮ ਆਪਣੇ ਪੂਰੇ ਜੋਬਨ ‘ਤੇ ਹੈ।ਜਿਥੇ ਰੋਜ਼ਾਨਾ ਸੈਂਕੜੇ ਨਸ਼ੇੜੀ ਨਸ਼ਾ ਛੁਡਾਊ ਮੁਫਤ ਮਿਲਣ ਵਾਲੀ ਦਵਾਈ ਲੈਣ ਲਈ ਬਿਨਾਂ ਨਾਗ੍ਹਾ ਆਉਂਦੇ ਹਨ।
ਸਮਾਜਸੇਵੀ ਐਸ.ਐਸ ਚੱਠਾ, ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਸਿੰਗਲਾ, ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ, ਅਨਿਲ ਮਿੱਤਲ, ਯਸ਼ ਪਾਲ ਗੋਇਲ, ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਅਤੇ ਕੈਮਿਸਟ ਐਸੋਸੀਏਸ਼ਨ ਧੂਰੀ ਦੇ ਸਾਬਕਾ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਿਹਤ ਸਕੱਤਰ ਹੁਸਨ ਲਾਲ ਅਤੇ ਹਲਕਾ ਵਿਧਾਇਕ ਪਾਸੋਂ ਮੰਗ ਕੀਤੀ ਹੈ ਕਿ ਉਹ ਇਸ ਹਸਪਤਾਲ ਦੀਆਂ ਜਣੇਪੇ ਸਮੇਤ ਸਾਰੀਆਂ ਸੇਵਾਵਾਂ ਤੁਰੰਤ ਬਹਾਲ ਕਰਵਾਉਣ।ਕਿਉਂਕਿ ਅਜਿਹਾ ਨਾ ਹੋਣ ਕਾਰਨ ਇਲਾਕੇ ਦੇ ਹਜ਼ਾਰਾਂ ਲੋਕਾਂ ਨੂੰ ਰੋਜਾਨਾ ਮਹਿੰਗਾ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media