ਨੌਜੁਆਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸ਼੍ਰੋਮਣੀ ਕਮੇਟੀ ਵਚਨਬੱਧ – ਬੀਬੀ ਜਗੀਰ ਕੌਰ
ਅੰਮ੍ਰਿਤਸਰ, 5 ਫਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੜਕੀਆਂ ਨੂੰ ਖੇਡਾਂ ਵੱਲ ਹੋਰ ਉਤਸ਼ਾਹਤ ਕਰਨ
ਲਈ ਇੱਕ ਅਹਿਮ ਫੈਸਲਾ ਲੈਂਦਿਆਂ ਵੱਖਰਾ ਡਾਇਰੈਕਟੋਰੇਟ ਸਥਾਪਤ ਕੀਤਾ ਹੈ।ਲੜਕੀਆਂ ਲਈ ਬਣਾਏ ਗਏ ਇਸ ਡਾਇਰੈਕਟੋਰੇਟ ਖੇਡਾਂ ਦੇ ਡਾਇਰੈਕਟਰ ਹਾਕੀ ਉਲੰਪੀਅਨ ਬੀਬੀ ਰਾਜਬੀਰ ਕੌਰ ਅਰਜੁਨਾ ਐਵਾਰਡੀ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਅਤੇ ਡਿਪਟੀ ਡਾਇਰੈਕਟਰ ਬੀਬੀ ਸੁਰਜੀਤ ਕੌਰ ਹਾਕੀ ਉਲੰਪੀਅਨ ਨੂੰ ਲਗਾਇਆ ਗਿਆ ਹੈ।ਇਸ ਦੇ ਨਾਲ ਹੀ ਇੱਕ ਸਲਾਹਕਾਰ ਕਮੇਟੀ ਵੀ ਬਣਾਈ ਗਈ ਹੈ, ਜਿਸ ਵਿਚ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਬੀਬੀਆਂ ਸ਼ਾਮਲ ਕੀਤੀਆਂ ਹਨ।
ਬੀਬੀ ਜਗੀਰ ਕੌਰ ਨੇ ਦੱਸਿਆ ਕਿ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਤੋਂ ਇਲਾਵਾ ਸਲਾਹਕਾਰ ਕਮੇਟੀ ਵਿਚ ਮੁੱਖ ਸਲਾਹਕਾਰ ਦੀ ਸੇਵਾ ਹਾਕੀ ਉਲੰਪੀਅਨ ਪ੍ਰਿੰ. ਰੂਪਾ ਸੈਣੀ ਗੋਲਡ ਮੈਡਲਿਸਟ ਨੂੰ ਦਿੱਤੀ ਗਈ ਹੈ, ਜਦਕਿ ਸਲਾਹਕਾਰ ਕਮੇਟੀ ਦੇ ਬਾਕੀ ਮੈਂਬਰਾਂ ਵਿਚ ਨੈਸ਼ਨਲ ਬਾਸਕਿਟ ਬਾਲ ਖਿਡਾਰਨ ਬੀਬੀ ਹਰਪ੍ਰੀਤ ਕੌਰ ਬਰਨਾਲਾ, ਕੌਮਾਂਤਰੀ ਬਾਸਕਿਟ ਬਾਲ ਖਿਡਾਰਨ ਸ੍ਰੀਮਤੀ ਸੁਮਿਤੀ ਸੇਵਾਮੁਕਤ ਪ੍ਰਿੰਸੀਪਲ, ਸਾਬਕਾ ਕ੍ਰਿਕਟਰ ਸ੍ਰੀਮਤੀ ਪੂਨਮ ਅਰੋੜਾ, ਬੀਬੀ ਪਰਮਿੰਦਰ ਕੌਰ ਪੰਨੂ ਅਤੇ ਬੀਬੀ ਰਾਜਿੰਦਰ ਕੌਰ ਨੈਸ਼ਨਲ ਹਾਕੀ ਖਿਡਾਰਨ ਨੂੰ ਸ਼ਾਮਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸਪੋਰਟਸ ਵਿਭਾਗ ਅਧੀਨ ਤਿੰਨ ਹਾਕੀ ਅਕੈਡਮੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਸਕੂਲਾਂ/ਕਾਲਜਾਂ ‘ਚ ਵੱਖ-ਵੱਖ ਖੇਡਾਂ ਨੂੰ ਵੀ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਵਿਚ ਵਾਧਾ ਕਰਦਿਆਂ ਹੀ ਲੜਕੀਆਂ ਲਈ ਡਾਇਰੈਕਟੋਰੇਟ ਖੇਡਾਂ ਸਥਾਪਤ ਕੀਤਾ ਹੈ।ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ (ਗੁਰਦਾਸਪੁਰ) ਦੀ ਹੋਣਹਾਰ ਹਾਕੀ ਖਿਡਾਰਨ ਬਲਜਿੰਦਰ ਕੌਰ ਨੂੰ 21 ਹਜ਼ਾਰ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ।ਉਹ ਬੀਤੇ ਸਾਲ ਹਾਕੀ ਦੇ ਇੰਡੀਆ ਕੈਂਪ ਲਈ ਚੁਣੀ ਗਈ ਸੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਤੇਜਿੰਦਰ ਸਿੰਘ ਪੱਡਾ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਮਲਕੀਤ ਸਿੰਘ ਬਹਿੜਵਾਲ, ਓਐਸਡੀ ਡਾ. ਸੁਖਬੀਰ ਸਿੰਘ, ਪ੍ਰਿੰ. ਡਾ. ਗੁਰਜੀਤ ਸਿੰਘ, ਡਾ. ਚਰਨਜੀਤ ਸਿੰਘ, ਪ੍ਰੋ. ਹਰਜੀਤ ਕੌਰ, ਪ੍ਰੋ. ਅਜੈਪਾਲ ਸਿੰਘ, ਡਾ. ਗੁਰਬੀਰ ਸਿੰਘ, ਪ੍ਰੋ. ਕਮਲਜੀਤ ਕੌਰ ਆਦਿ ਮੌਜੂਦ ਸਨ।
Punjab Post Daily Online Newspaper & Print Media