Sunday, April 5, 2026

ਪੀਣ ਵਾਲੇ ਪਾਣੀ ਦੀ ਜਾਂਚ ਲਈ ਅੰਮ੍ਰਿਤਸਰ ‘ਚ ਸੂਬੇ ਦੀ ਤੀਸਰੀ ਅਤਿ ਆਧੁਨਿਕ ਲੈਬਾਰਟਰੀ ਸ਼ੁਰੂ

ਪਾਣੀ ‘ਚ ਮਿਲਦੀਆਂ ਭਾਰੀ ਧਾਤਾਂ ਤੇ ਬੈਕਟਰੀਆ ਦਾ ਪਤਾ ਲਗਾਉਣ ਦੇ ਸਮਰੱਥ ਹੈ ਲੈਬ

ਅੰਮ੍ਰਿਤਸਰ, 5 ਫਰਵਰੀ (ਸੁਖਬੀਰ ਸਿੰਘ) – ਸੂਬੇ ਦੇ ਨਾਗਰਿਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ ਦੇ ਇਰਾਦੇ ਨਾਲ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿਚ ਪੀਣ ਵਾਲੇ ਪਾਣੀ ਦੀ ਜਾਂਚ ਲਈ ਅਤਿ ਆਧੁਨਿਕ ਲੈਬਾਰਟੀ ਕਾਇਮ ਕਰ ਦਿੱਤੀ ਹੈ।ਜਿੱਥੇ ਪਾਣੀ ਦੀਆਂ ਹਰ ਤਰਾਂ ਦੀਆਂ ਅਸ਼ੁਧੀਆਂ ਦੀ ਜਾਂਚ ਕੀਤੀ ਜਾਂਦੀ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਹ ਸੂਬੇ ਦੀ ਤੀਸਰੀ ਅਜਿਹੀ ਲੈਬਾਰਟਰੀ ਹੈ, ਜਿਥੇ ਪੀਣ ਵਾਲੀ ਪਾਣੀ ਦੀ ਜਾਂਚ ਬੜੇ ਅਤਿ ਅਧੁਨਿਕ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਟਿਆਲਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਅਜਿਹੀਆਂ ਲੈਬਾਰਟਰੀਆਂ ਮੌਜ਼ੂਦ ਹਨ।ਚਾਹਲ ਨੇ ਦੱਸਿਆ ਕਿ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਲੈਬਾਰਟਰੀ ਤਿਆਰ ਕੀਤੀ ਗਈ ਹੈ।ਜਿਸ ਵਿਚ ਪਾਣੀ ਦੀ ਪਰਖ ਲਈ ਸਾਢੇ ਤਿੰਨ ਕਰੋੜ ਰੁਪਏ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਕਿ ਪੀਣ ਵਾਲੇ ਪਾਣੀ ਦੀ ਹਰ ਚੰਗੀ-ਮਾੜੀ ਮਿਲਾਵਟ ਨੂੰ ਫੜਨ ਦੀ ਸਮਰੱਥਾ ਰੱਖਦੀ ਹੈ।
                ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਜੌੜਾ ਫਾਟਕ ਨੇੜੇ ਲਗਾਈ ਗਈ ਇਹ ਲੈਬਾਰਟਰੀ ਪਿੰਡਾਂ ਤੇ ਸ਼ਹਿਰਾਂ ਵਿਚ ਬਣ ਰਹੀਆਂ ਪਾਣੀ ਦੀ ਟੈਂਕੀਆਂ, ਲਗਾਏ ਜਾ ਰਹੇ ਨਲਕਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਵਰਤੇ ਜਾਂਦੇ ਪਾਣੀ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।ਉਨਾਂ ਕਿਹਾ ਕਿ ਜਿਲ੍ਹਾ ਦਾ ਕੋਈ ਵੀ ਵਾਸੀ ਇਸ ਲੈਬਾਬਰਟੀ ਤੋਂ ਆਪਣੇ ਘਰ ਪੀਤੇ ਜਾ ਰਹੇ ਪਾਣੀ ਦੀ ਜਾਂਚ ਕਰਵਾ ਸਕਦਾ ਹੈ, ਤਾਂ ਜੋ ਪਾਣੀ ਨਾਲ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨਾਂ ਦੱਸਿਆ ਕਿ ਇਹ ਲੈਬਾਰਟਰੀ ਪਾਣੀ ਵਿਚ ਮਿਲੀਆਂ ਭਾਰੀਆਂ ਧਾਤਾਂ, ਜਿਵੇਂ ਕਿ ਅਰਸੈਨਿਕ, ਅਲਮੂਨੀਅਮ, ਸਿੱਕਾ, ਹਰ ਤਰਾਂ ਦੇ ਬੈਕਟਰੀਆ ਆਦਿ ਦਾ ਪਤਾ ਲਗਾਉਣ ਦੇ ਸਮਰੱਥ ਹੈ।ਚਾਹਲ ਨੇ ਦੱਸਿਆ ਕਿ ਫਿਲਹਾਲ ਇਸ ਲੈਬਾਰਟਰੀ ਦੀ ਸਮਰੱਥਾ 1200 ਨਮੂਨੇ ਪ੍ਰਤੀ ਮਹੀਨਾ ਹੈ, ਜਿਸ ਨੂੰ ਭਵਿੱਖ ਵਿਚ ਵਧਾਇਆ ਵੀ ਜਾ ਸਕੇਗਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …