ਸਬੰਧਤ ਕਾਲਜਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ
ਅੰਮ੍ਰਿਤਸਰ, 6 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਕੈਂਪਸ ਅਤੇ ਰਿਜ਼ਨਲ ਕੈਂਪਸ ਜਲੰਧਰ ਅਤੇ ਗੁਰਦਾਸਪੁਰ ਦੇ ਵੱਖ
ਵੱਖ ਵਿਭਾਗਾਂ ਦੇ ਆਫਲਾਈਨ ਲਿਖਤੀ ਅਤੇ ਪ੍ਰਯੋਗੀ ਇਮਤਿਹਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਾਮਯਾਬੀ ਨਾਲ ਮੁਕੰਮਲ ਕਰ ਲਏ ਗਏ ਹਨ।ਯੂਨਵਿਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਲਈ ਹਰ ਸੰਭਵ ਸੁਖਾਵਾਂ ਮਾਹੌਲ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੀ ਸਿਹਤ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਪ੍ਰੋਫੈਸਰ ਇੰਚਾਰਜ, ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕੈਂਪਸ ਅਤੇ ਰਿਜ਼ਨਲ ਕੈਂਪਸਾਂ ਦੀਆਂ ਆਫ ਲਾਈਨ ਪ੍ਰੀਖਿਆਵਾਂ ਕਾਮਯਾਬੀ ਨਾਲ ਸੰਪੰਨ ਹੋਣ ਸਦਕਾ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸਰਕਾਰੀ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੁਰੂ ਹੋ ਰਹੀਆਂ ਹਨ। ਇਹ ਫੈਸਲਾ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਅਤੇ ਅਰਜ਼ੀਆਂ ਦੇ ਆਧਾਰ `ਤੇ ਡੂੰਘੀ ਵਿਚਾਰ ਅਤੇ ਸਮਝ ਨਾਲ ਲਿਆ ਗਿਆ ਹੈ।ਜਿਸ ਵਿਚ ਸਰਕਾਰ ਵੱਲੋਂ ਕੀਤੇ ਫੈਸਲੇ ਦਾ ਸਹਿਯੋਗ ਸ਼ਾਮਿਲ ਹੈ।
ਉਨ੍ਹਾਂ ਦੱਸਿਆ ਕਿ ਪ੍ਰਯੋਗੀ ਪ੍ਰੀਖਿਆਵਾਂ ਪਹਿਲਾਂ ਹੀ ਵੱਖ-ਵੱਖ ਕਾਲਜਾਂ ਵਿਚ ਸ਼ੁਰੂ ਹੋ ਚੁੱਕੀਆਂ ਹਨ।ਜਿਸ ਉਪਰੰਤ ਲਿਖਤੀ ਪ੍ਰੀਖਿਆਵਾਂ ਲਈ ਜਾਣਗੀਆਂ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਅਤੇ ਮਾਹੌਲ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਨ-ਪੱਤਰ ਨੂੰ ਸੁਖਾਵਾਂ ਬਣਾਉਣ ਲਈ ਅੱਠਾਂ ਪ੍ਰਸ਼ਨਾਂ ਵਿਚੋਂ ਕੋਈ ਵੀ ਪੰਜ ਪ੍ਰਸ਼ਨ ਹੱਲ ਕਰਨ ਦੀ ਖੁੱਲ੍ਹ ਦਿੰਦੇ ਹੋਏ ਹਰ ਸੈਕਸ਼ਨ ਵਿਚੋਂ ਇਕ ਪ੍ਰਸ਼ਨ ਲਾਜ਼ਮੀ ਕਰਨ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜੇਕਰ ਵਿਦਿਆਰਥੀ ਕੰਟਰੋਲ ਤੋਂ ਬਾਹਰ ਅਸਾਧਾਰਣ ਹਲਾਤਾਂ ਕਾਰਨ ਫਰਵਰੀ ਵਿਚ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਉਸ ਲਈ ਅਪ੍ਰੈਲ 2021 ਵਿਚ ਪ੍ਰੀਖਿਆ ਦੇਣ ਦੀ ਸਹੂਲਤ ਵੀ ਦਿੱਤੀ ਗਈ ਹੈ ਅਤੇ ਰੀਅਪੀਅਰ/ਸਪਲੀਮੈਂਟਰੀ ਪ੍ਰੀਖਿਆ ਦੇਣ ਲਈ ਵੀ ਨਾਰਮਲ ਚਾਂਸ ਤੋਂ ਇਲਾਵਾ ਵਾਧੂ ਮੌਕਾ ਦਿੱਤਾ ਜਾਵੇਗਾ।ਇਹ ਸਹੂਲਤਾਂ ਕੇਵਲ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀਆਂ ਜਾ ਰਹੀਆਂ ਹਨ।
ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਮੁਕੰਮਲ ਹੋ ਚੁੱਕੀਆਂ ਪ੍ਰੀਖਿਆਵਾਂ ਦੀ ਮੁਲਾਂਕਣ ਪ੍ਰੀਕ੍ਰਿਆ ਸ਼ੁਰੂ ਹੋ ਚੁਕੀ ਹੈ ਅਤੇ ਇਸੇ ਤਰ੍ਹਾਂ ਹੀ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਵੀ ਸਮੇ ਸਿਰ ਸ਼ੁਰੂ ਹੋ ਜਾਣਗੇ ਅਤੇ ਅਕਾਦਮਿਕ ਵਰ੍ਹੇ ਅਨੁਸਾਰ ਠੀਕ ਸਮੇਂ ਉਪਰ ਹੀ ਇਨ੍ਹਾਂ ਨਤੀਜਆਂ ਦਾ ਐਲਾਨ ਹੋ ਜਾਵੇਗਾ। ਇਸ ਨਾਲ ਵਿਦਿਆਰਥੀਆਂ ਦਾ ਸਾਲ ਅਤੇ ਸਮਾਂ ਵੀ ਬਚ ਜਾਵੇਗਾ।ਵਧੇਰੇ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਹੋਣ ਦੇ ਹੱਕ ਵਿਚ ਹਾਂ ਪੱਖੀ ਰਵੱਈਆ ਅਪਣਾਉਂਦੇ ਹੋਏ ਯੂਨੀਵਰਸਿਟੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਹੈ ਅਤੇ ਆਸ ਪ੍ਰਗਟਾਈ ਹੈ ਕਿ ਸਮੇਂ ਸਿਰ ਪ੍ਰੀਖਿਆਵਾਂ ਹੋਣ ਨਾਲ ਉਨ੍ਹਾਂ ਦਾ ਅਕਾਦਮਿਕ ਵਰ੍ਹਾ ਬਚ ਜਾਵੇੇਗਾ ਅਤੇ ਉਹ ਭਵਿੱਖ ਵਿਚ ਆਪਣੇ ਪਸੰਦ ਦੇ ਭਾਰਤ ਜਾਂ ਵਿਦੇਸ਼ ਦੇ ਕਾਲਜਾਂ ਵਿਚ ਸੀਟਾਾਂ ਲੈ ਸਕਣਗੇ ਅਤੇ ਨੌਕਰੀਆਂ ਹਾਸਲ ਕਰ ਸਕਣਗੇ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media