ਅੰਮ੍ਰਿਤਸਰ, 7 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।
ਸਕੂਲ ਪ੍ਰਿੰਸੀਪਲ ਨਿਰਮਲਜੀਤ ਕੌਰ ਦੀ ਯੋਗ ਅਗਵਾਈ ਸਦਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਧਾਰਮਿਕ ਸਮਾਗਮ ‘ਸਾਹਿਬ-ਏ-ਦਰਵੇਸ਼’ ਮੌਕੇ ਵਿਦਿਆਰਥੀਆਂ ਵਲੋਂ ਜਪ ਜੀ ਸਾਹਿਬ, ਤ੍ਰ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਦੇ ਪਾਠ ਕੀਤੇ ਗਏ।ਇਸ ਉਪਰੰਤ ਗੁਰੂ ਜੀ ਦੇ ਜੀਵਨ ਨੂੰ ਸਮਰਪਿਤ ਧਾਰਮਿਕ ਗੀਤ, ਵਾਰਾਂ, ਵਿਚਾਰ ਅਤੇ ਸ਼ਬਦ ਗਾਇਨ ਕੀਤੇ ਗਏ।ਪ੍ਰਿੰ. ਨਿਰਮਲਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਅਤੇ ਉਨ੍ਹਾਂ ਦੁਆਰਾ ਦੱਸੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਲਈ ਜੀਅ ਤੋੜ ਮਿਹਨਤ ਕਰਨ ਲਈ ਆਖਿਆ ਅਤੇ ਆਪਣੀਆਂ ਸ਼ੁਭਇੱਛਾਵਾਂ ਦਿੱਤੀਆਂ।
ਇਸ ਮੌਕੇ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਸੱਚੇ ਪਿਤਾ ਪ੍ਰਮਾਤਮਾ ਅੱਗੇ ਜਿੱਥੇ ਕੋਵਿਡ-19 ਵਰਗੀ ਭਿਆਨਕ ਮਹਾਮਾਰੀ ਤੋਂ ਸੰਪੂਰਨ ਤੌਰ ’ਤੇ ਜਲਦ ਨਿਜਾਤ ਸਬੰਧੀ ਸਰਬੱਤ ਦੇ ਭਲੇ ਅਤੇ ਬੱਚਿਆਂ ਦੇ ਆਉਣ ਵਾਲੇ ਬੋਰਡ ਦੇ ਇਮਤਿਹਾਨਾਂ ’ਚ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media