ਨਵਾਂਸ਼ਹਿਰ, 10 ਫਰਵਰੀ (ਪੰਜਾਬ ਪੋਸਟ ਬਿਊਰੋ) – ਨਗਰ ਕੌਂਸਲ ਚੋਣਾਂ ਲਈ ਜ਼ਿਲ੍ਹੇ ’ਚ ਤਾਇਨਾਤ ਕੀਤੇ ਗਏ ਆਬਜ਼ਰਵਰਾਂ ਵਲੋਂ ਅੱਜ ਰਿਟਰਨਿੰਗ ਅਫ਼ਸਰਾਂ ਨੂੰ
ਸ਼ਾਂਤਮਈ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਯਕੀਨੀ ਬਣਾਉਣ ਦੀ ਹਦਾਇਤ ਕੀਤੀ।ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਰਿਟਰਨਿੰਗ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਜਨਰਲ ਚੋਣ ਆਬਜ਼ਰਵਰ ਡੀ.ਪੀ.ਐਸ ਖਰਬੰਦਾ ਅਤੇ ਪੁਲਿਸ ਆਬਜ਼ਰਵਰ ਐਸ.ਕੇ ਕਾਲੀਆ ਨੇ ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਐਸ.ਐਸ.ਪੀ ਅਲਕਾ ਮੀਨਾ ਦੀ ਮੌਜੂਦਗੀ ਵਿਚ ਰਿਟਰਨਿੰਗ ਅਫ਼ਸਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਰਿਟਰਨਿੰਗ ਅਫ਼ਸਰ ਚੋਣਾਂ ਦੌਰਾਨ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਚੋਣਾਂ ਨੂੰ ਸ਼ਾਂਤਮਈ ਤੇ ਨਿਰਪੱਖ ਢੰਗ ਨਾਲ ਕਰਵਾਉਣ ਦੀ ਮੁੱਖ ਜਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਸਿਖਲਾਈ ਤੋਂ ਲੈ ਕੇ ਵੋਟਾਂ ਵਾਲੇ ਦਿਨ ਲਈ ਸਾਰੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਜਨਰਲ ਆਬਜ਼ਰਵਰ ਡੀ.ਪੀ.ਐਸ ਖਰਬੰਦਾ ਨੇ ਇਸ ਮੌਕੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਅਤੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਪੋਲਿੰਗ ਬੂਥਾਂ ਦਾ ਨਿੱਜੀ ਤੌਰ ’ਤੇ ਦੌਰਾ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ।ਪੁਲਿਸ ਆਬਜ਼ਰਵਰ ਐਸ.ਕੇ ਕਾਲੀਆ ਨੇ ਕਿਹਾ ਕਿ ਵੋਟਰਾਂ ਵਿਚ ਵਿਸ਼ਵਾਸ ਬਣਾਈ ਰੱਖਣ ਲਈ ਸਾਰੇ ਸੰਵੇਦਨਸ਼ੀਲ ਬੂਥਾਂ ’ਤੇ ਸੁਰੱਖਿਆ ਦੇ ਵਿਸ਼ੇਸ਼ ਪੁਖ਼ਤਾ ਪ੍ਰਬੰਧ ਹੋਣ।
ਜ਼ਿਲ੍ਹਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਰਦੀਪ ਸਿੰਘ ਬੈਂਸ ਨੇ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਾਂਤਮਈ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਪਾਬੰਦ ਹੈ।
ਇਸ ਦੌਰਾਨ ਦੋਵਾਂ ਚੋਣ ਆਬਜ਼ਰਵਰਾਂ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ.ਡੀ.ਐਮ ਬਲਾਚੌਰ ਦੀਪਕ ਰੁਹੇਲਾ, ਐਸ.ਪੀ ਹੈਡਕੁਆਰਟਰ ਮਨਵਿੰਦਰ ਬੀਰ ਸਿੰਘ ਤੋਂ ਇਲਾਵਾ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media