Thursday, April 2, 2026

ਖ਼ਾਲਸਾ ਕਾਲਜ ਵਿਖੇ 4 ਰੋਜ਼ਾ ‘ਅੰਮਿ੍ਰਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ’ 2 ਮਾਰਚ ਤੋਂ

ਸੁਰਜੀਤ ਪਾਤਰ, ਬਰਜਿੰਦਰ ਸਿੰਘ ਹਮਦਰਦ, ਯੁਵਰਾਜ ਮਲਿਕ ਸਮੇਤ ਨਾਮਵਰ ਸਖਸ਼ੀਅਤਾਂ ਪੁੱਜਣਗੀਆਂ – ਡਾ. ਮਹਿਲ ਸਿੰਘ

ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੀ ਅਮੀਰ ਪਰੰਪਰਾ ’ਚ ਵਾਧਾ ਕਰਨ ਵਾਲਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021’ ਇਸ ਸਾਲ 2 ਤੋਂ 5 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ।
                 ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ।ਇਸ ਮੇਲੇ ’ਚ ਦੇਸ਼ ਭਰ ਤੋਂ ਪ੍ਰਕਾਸ਼ਕ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਬਰਜਿੰਦਰ ਸਿੰਘ ਹਮਦਰਦ, ਪਦਮਸ਼੍ਰੀ ਡਾ. ਸੁਰਜੀਤ ਪਾਤਰ, ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਯੁਵਰਾਜ ਮਲਿਕ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਇਸ ਮੇਲੇ ਦਾ ਉਦਘਾਟਨ ਕਰਨਗੇ।
ਇਸ ਸਮੇਂ ਕਾਲਜ ਦੇ ਖੋਜ ਰਸਾਲੇ ‘ਸੰਵਾਦ’ ਦਾ 13ਵਾਂ ਅਤੇ 14ਵਾਂ ਅੰਕ ਅਤੇ ਐਨ.ਬੀ.ਟੀ ਦੀਆਂ ਪੁਸਤਕਾਂ ਰਿਲੀਜ਼ ਕੀਤੀਆ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਭਰਤੋਂ ਪਹੁੰਚੇ ਨਾਮਵਰ ਕਵੀ ਜਸਵੰਤ ਜਫਰ, ਲਖਵਿੰਦਰ ਜੌਹਲ, ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਅਮਰਜੀਤ ਕੌਂਕੇ, ਦਰਸ਼ਨ ਬੁੱਟਰ, ਗੁਰਪ੍ਰੀਤ, ਤਨਵੀਰ, ਵਾਹਿਦ, ਬਲਵਿੰਦਰ ਸੰਧੂ, ਰਮਨ ਸੰਧੂ, ਜਗਵਿੰਦਰ ਜੋਧਾ ਆਦਿ ਕਵੀ ਦਰਬਾਰ ‘ਚ ਸ਼ਮੂਲੀਅਤ ਕਰਨਗੇ ਅਤੇ ਬਾਅਦ ਦੁਪਿਹਰ ਲੋਕ-ਗੀਤ ਪੇਸ਼ਕਾਰੀਆਂ ਹੋਣਗੀਆਂ।
                ਉਹਨਾਂ ਦੱਸਿਆ ਕਿ ਮੇਲੇ ਦੇ ਦੂਸਰੇ ਦਿਨ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼-ਪੁਰਬ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ : ਬਾਣੀ ਅਤੇ ਸ਼ਹਾਦਤ ਦਾ ਗੌਰਵ’ ਵਿਸ਼ੇ ’ਤੇ ਕਰਵਾਏ ਜਾ ਰਹੇ ਸੈਮੀਨਾਰ ਦਾ ਕੁੰਜੀਵਤ ਭਾਸ਼ਣ ਉੱਘੇ ਸਿੱਖ ਚਿੰਤਕ ਅਮਰਜੀਤ ਸਿੰਘ ਗਰੇਵਾਲ ਦੇਣਗੇ, ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਮੁੱਖ ਮਹਿਮਾਨ ਹੋਣਗੇ ਤੇ ਪ੍ਰਧਾਨਗੀ ਭਾਸ਼ਣ ਡਾ. ਐਸ.ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਣਗੇ। ਇਸ ਮੌਕੇੇ ਡਾ. ਰਾਣਾ ਨਈਅਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਹੋਣਗੇ।ਦੂਜੇ ਤੇ ਤੀਜੇ ਅਕਾਦਮਿਕ ਸੈਸ਼ਨਾਂ ’ਚ ਡਾ. ਰਮਿੰਦਰ ਕੌਰ, ਵਰਿੰਦਰ ਵਾਲੀਆ, ਪ੍ਰੋ. ਮਨਜੀਤ ਸਿੰਘ, ਡਾ. ਜਸਪਾਲ ਕੌਰ ਕਾਂਗ, ਡਾ. ਯੋਗਰਾਜ ਅੰਗਰਿਸ਼ ਮੁੱਖ ਮਹਿਮਾਨ ਹੋਣਗੇ ਅਤੇ ਬਹੁਤ ਸਾਰੇ ਵਿਦਵਾਨ ਆਪਣੇ ਖੋਜ-ਪੱਤਰ ਪੇਸ਼ ਕਰਨਗੇ।ਬਾਅਦ’ਚ ‘ਪੰਜਾਬੀ ਭਾਸ਼ਾ ਦਾ ਗੌਰਵ’ ਪ੍ਰੋਗਰਾਮ ਤਹਿਤ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਕੇ ਸਿਵਲ ਸੇਵਾਵਾਂ’ਚ ਉਚ-ਪਦਵੀਆਂ ’ਤੇ ਪਹੁੰਚੀਆਂ ਨਾਮਵਰ ਹਸਤੀਆਂ ਜਸਪਾਲ ਸਿੰਘ ਸਕੱਤਰ ਪੰਜਾਬ ਸਰਕਾਰ, ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨ ਤਾਰਨ, ਗੁਰਜੀਤ ਸਿੰਘ ਏ.ਡੀ.ਸੀ ਫਰੀਦਕੋਟ ਅਤੇ ਬਲਵਿੰਦਰ ਸਿੰਘ ਧਾਲੀਵਾਲ ਰੈਵੀਨਿਓ ਅਫਸਰ ਅੰਮ੍ਰਿਤਸਰ ਨਾਲ ਰੂ-ਬਰੂ ਉਪਰੰਤ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ।ਬਾਅਦ ‘ਚ ‘ਅੰਬਰਸਰੀ ਸੱਥ’ ਪ੍ਰੋਗਰਾਮ ਅਧੀਨ ਅੰਮ੍ਰਿਤਸਰ ਦੇ ਸਾਹਿਤਕਾਰਾਂ/ ਕਲਾਕਾਰਾਂ ਗੁਰਮੀਤ ਬਾਵਾ, ਜੋਗਿੰਦਰ ਸਿੰਘ ਕੈਰੋਂ, ਕੇਵਲ ਧਾਲੀਵਾਲ, ਅਨੀਤਾ ਦੇਵਗਨ, ਹਰਦੀਪ ਗਿੱਲ, ਦੀਪ ਦਵਿੰਦਰ, ਭੁਪਿੰਦਰ ਸੰਧੂ ਅਤੇ ਸੰਦੀਪ ਨਾਲ ਸੰਵਾਦ ਰਚਾਇਆ ਜਾਵੇਗਾ।
               ਮੇਲੇ ਦੇ ਅਖੀਰਲੇ ਦਿਨ ਪੈਨਲ ਡਿਸਕਸ਼ਨ ਹੋਵੇਗੀ।ਇਸ ’ਚ ਸਾਹਿਤ, ਰੰਗਮੰਚ ਤੇ ਫਿਲਮ ਨਾਲ ਸੰਬੰਧਤ ਹਸਤੀਆਂ ’ਚ ਵਿਚਾਰ-ਚਰਚਾ ਕਰਨਗੀਆਂ।ਇਸ ਦਿਨ ਸਭਿਆਚਾਰਕ ਪ੍ਰੋਗਰਾਮ ਹੋਣਗੇ ਅਤੇ ਇਕ ਸੈਸ਼ਨ ’ਚ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਦੀ ਮਿਲਣੀ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।
ਇਸ ਮੇਲੇ ਦੀ ਦੇਖ ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਦੱਸਿਆ ਕਿ ਮੇਲੇ ਨੂੰ ਕਾਮਯਾਬ ਤੇ ਦਿਲਚਸਪ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਵਾਰ ਮੇਲੇ ਦੌਰਾਨ ਖਾਣ-ਪੀਣ ਦੇ ਸਟਾਲ ਆਦਿ ਵੀ ਲਗਵਾਏ ਜਾ ਰਹੇ ਹਨ।ਫਲਾਵਰ ਸ਼ੋਅ, ਆਰਗੈਨਿਕ ਸਟਾਲ ਅਤੇ ਵਿਗਿਆਨ ਪ੍ਰਦਰਸ਼ਨੀਆਂ ਮੇਲੇ ਦੀ ਵਿਸ਼ੇਸ਼ ਖਿੱਚ ਬਣਨਗੀਆਂ।
                 ਇਸ ਮੌਕੇ ’ਤੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਅਤੇ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਵੀ ਹਾਜਰ ਸਨ।

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …