Monday, June 16, 2025
Breaking News

ਸ਼ਿੱਦਤ, ਸ਼ਿਲਪ ਤੇ ਸਮਝ ਕਵਿਤਾ ਦੀ ਸਿਰਜਣ ਪ੍ਰਕਿਰਿਆ ਦੇ ਆਧਾਰੀ ਤੱਤ – ਪਦਮਸ਼੍ਰੀ ਸੁਰਜੀਤ ਪਾਤਰ

ਯੂਨੀਵਰਸਿਟੀ ਵਲੋਂ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ
ਅੰਮ੍ਰਿਤਸਰ, 20 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ ਮਾਨਯੋਗ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।ਇਸ ਯਾਦਗਾਰੀ ਭਾਸ਼ਣ ਵਿਚ ਪ੍ਰਸਿੱਧ ਸ਼ਾਇਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ‘ਮੈਂ ਤੇ ਮੇਰੀ ਸਿਰਜਣਾ’ ਵਿਸ਼ੇ ਉਪਰ ਆਪਣੇ ਮੁੱਲਵਾਨ ਵਿਚਾਰ ਸਾਂਝੇ ਕੀਤੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ.ਪੀ ਸਿੰਘ ਨੇ ਭਾਸ਼ਣ ਦੀ ਪ੍ਰਧਾਨਗੀ ਕੀਤੀ ਗਈ।ਡਾ. ਜੋਗਿੰਦਰ ਸਿੰਘ ਕੈਰੋਂ (ਸਾਬਕਾ ਪ੍ਰੋਫ਼ੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
                 ਡਾ. ਰਮਿੰਦਰ ਕੌਰ ਮੁਖੀ ਪੰਜਾਬੀ ਅਧਿਐਨ ਸਕੂਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਉਪਰੰਤ ਡਾ. ਮਨਜਿੰਦਰ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਆਏ ਹੋਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ।ਉਨ੍ਹਾਂ ਨੇ ਡਾ. ਸੁਰਜੀਤ ਪਾਤਰ ਦੀ ਕਾਵਿ-ਸਿਰਜਣਾ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਸੁਰਜੀਤ ਪਾਤਰ ਦੀ ਕਵਿਤਾ ਦਾਰਸ਼ਨਿਕਤਾ ਤੇ ਸੰਵੇਦਨਾ ਦੇ ਪੱਖੋਂ ਇੰਨੀ ਸਮਿੱ੍ਰਧ ਹੈ ਕਿ ਇਸਦਾ ਸ਼ੁਮਾਰ ਵਿਸ਼ਵ ਦੀ ਕਲਾਸਿਕੀ ਕਵਿਤਾ ਵਿਚ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਆਪਣੀ ਕਾਵਿ-ਸਿਰਜਣਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਸ਼ਿੱਦਤ, ਸ਼ਿਲਪ ਅਤੇ ਸ਼ਊਰ (ਸਮਝ) ਆਦਿ ਤੱਤਾਂ ਨੂੰ ਕਵਿਤਾ ਦੀ ਸਿਰਜਣ ਪ੍ਰਕਿਰਿਆ ਦੇ ਆਧਾਰੀ ਤੱਤ ਦੱਸਿਆ।ਇਸ ਤੋਂ ਇਲਾਵਾ ਉਨ੍ਹਾਂ ਨੇ ਦੁੱਖ ਤੇ ਅਦਭੁਤਤਾ ਨੂੰ ਕਾਵਿ-ਸਿਰਜਣਾ ਦਾ ਵੱਡਾ ਸ੍ਰੋਤ ਦਰਸਾਇਆ।
ਵਿਭਾਗ ਦੇ ਪ੍ਰੋ. ਡਾ. ਹਰਚੰਦ ਸਿੰਘ ਬੇਦੀ ਸੁਰਜੀਤ ਪਾਤਰ ਦੀ ਕਵਿਤਾ ਸੰਗ ਸੰਵਾਦ ਸਿਰਜਦਿਆਂ ਕਿਹਾ ਕਿ ਉਨ੍ਹਾਂ ਦੀ ਕਵਿਤਾ ਸਮਕਾਲ ਤੋਂ ਸਰਬਕਾਲ ਤਕ ਫੈਲਣ ਦੀ ਸਮਰੱਥਾ ਰੱਖਦੀ ਹੈ।ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਪਾਤਰ ਦੀ ਕਵਿਤਾ ਅਨੁਭਵ ਵਿਚੋਂ ਪੈਦਾ ਹੋਈ ਕਵਿਤਾ ਹੈ।ਡਾ. ਐਸ.ਪੀ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸੁਰਜੀਤ ਪਾਤਰ ਦੀ ਕਵਿਤਾ ਬਾਰੇ ਕਿਹਾ ਕਿ ਪਾਤਰ ਕਾਵਿ-ਸਿਰਜਣਾ ਦੀ ਸ਼ਿਲਪਕਾਰੀ ਦਾ ਬਾਦਸ਼ਾਹ ਹੈ ਅਤੇ ਉਹ ਆਪਣੇ ਵਿਰਸੇ ਵਿਚੋਂ ਮੋਹਨ ਸਿੰਘ ਅਤੇ ਸ਼ਿਵ ਕੁਮਾਰ ਵਾਂਗ ਸੁਹਜ ਸਿਰਜਣ ਵਿਚ ਪ੍ਰਪੱਕ ਕਵੀ ਹੈ। ਅੰਤ ’ਤੇ ਡਾ. ਮੇਘਾ ਸਲਵਾਨ ਨੇ ਸਮਾਗਮ ਵਿਚ ਸ਼ਾਮਿਲ ਸਮੂਹ ਮਹਿਮਾਨਾਂ, ਅਧਿਆਪਕਾਂ ਅਤੇ ਖੋਜ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸਮੇਂ ਵਿਭਾਗ ਦੇ ਅਧਿਆਪਕ ਡਾ. ਬਲਜੀਤ ਕੌਰ ਰਿਆੜ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ, ਕੰਵਲਦੀਪ ਕੌਰ, ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …