Thursday, September 3, 2026

ਨਾਦ ਪ੍ਰਗਾਸ ਵਲੋਂ ਬਸੰਤ ਰੁੱਤ ਦੌਰਾਨ 6ਵਾਂ ਅੰਮ੍ਰਿਤਸਰ ਸਾਹਿਤ ਉਤਸਵ ਆਰੰਭ

ਸਿਖਿਆ ਸ਼ਾਸਤਰੀਆਂ ਨੇ ਕਿਸਾਨੀ ਸਮੱਸਿਆਵਾਂ ਬਾਬਤ ਦਿੱਤੇ ਸੁਝਾਅ
ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ) – ਗੰਭੀਰ ਚਿੰਤਨ ਅਤੇ ਵਿਚਾਰਾਂ ਉਪਰ ਕੇਂਦਰਿਤ ਹੁੰਦਾ ਹੋਇਆ 6ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਸ਼ਾਨਦਾਰ ਉਦਘਾਟਨ ਅੱਜ ਇਥੇ ਖਾਲਸਾ ਕਾਲਜ ਫਾਰ ਵੁਮਨ ਵਿਖੇ ਪ੍ਰਮੁੱਖ ਸਿਖਿਆ ਸ਼ਾਸਤਰੀਆਂ ਦੀ ਹਾਜ਼ਰੀ ਵਿਚ ਹੋਇਆ।ਉਦਘਾਟਨੀ ਸਮਾਰੋਹ ਦਾ ਆਰੰਭ ਕਰਦਿਆਂ ਪ੍ਰਿੰਸੀਪਲ ਮਨਪ੍ਰੀਤ ਕੌਰ ਕਿਹਾ ਕਿ ਨਾਦ ਪ੍ਰਗਾਸੁ ਵੱਲੋਂ ਕਰਵਾਏ ਜਾਂਦੇ ਇਸ ਅੰਮ੍ਰਿਤਸਰ ਸਾਹਿਤ ਉਤਸਵ ਨੇ ਅੰਮ੍ਰਿਤਸਰ ਦੀ ਧਰਤੀ ਉਪਰ ਭਾਸ਼ਾ ਅਤੇ ਸਾਹਿਤ ਪ੍ਰਤੀ ਚੇਤਨਾ ਦੀ ਲਹਿਰ ਪੈਦਾ ਕੀਤੀ ਹੈ।
                  ਸਮਾਰੋਹ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ. ਰਾਜੇਸ਼ ਸ਼ਰਮਾ ਨੇ ਸਾਹਿਤ ਅਤੇ ਕਲਾ ਦੇ ਮੂਲ ਸਰੂਪ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਸਾਹਿਤ ਦਾ ਅਨੁਭਵ ਲੌਕਿਕ ਅਤੇ ਅਲੌਕਿਕ ਨੂੰ ਇਕ ਸੁਰ ਕਰਕੇ ਦੇਖਦਾ ਹੈ।ਜਿਸ ਵਿਚ ਪਦਾਰਥਕਤਾ ਅਤੇ ਪਾਰਗਮਤਾ ਨੂੰ ਵੱਖ ਵੱਖ ਕਰਕੇ ਨਹੀਂ ਦੇਖਦਾ।ਸਾਹਿਤਕਾਰ ਲਈ ਕਲਾ ਉਸ ਦੇ ਆਪਣੇ ਉਪਰ ਵੀ ਵਾਪਰ ਰਹੀ ਹੁੰਦੀ ਹੈ ਅਤੇ ਸਾਹਿਤ ਪੁਨਰ-ਸਿਰਜਣਾ ਦਾ ਕਾਰਜ ਨਿਭਾਉਂਦਾ ਹੈ।
ਮੁੱਖ ਮਹਿਮਾਨ ਵਜੋਂ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਅੰਮ੍ਰਿਤਸਰ ਸਾਹਿਤ ਉਤਸਵ ਬੌਧਿਕ ਗੰਭੀਰਤਾ ਅਤੇ ਜੀਵਨ ਦੇ ਹੋਂਦਮੁਖੀ ਪ੍ਰਸ਼ਨਾਂ ਨੂੰ ਰੂਪਮਾਨ ਕਰਨ ਵਾਲਾ ਸਮਾਗਮ ਹੈ।ਜਿਸ ਦਾ ਪੰਜਾਬ ਦੇ ਵਿਦਿਆਰਥੀ ਨੂੰ ਲਾਭ ਉਠਾਉਣਾ ਚਾਹੀਦਾ ਹੈ।ਡਾ. ਸਰਬਜੋਤ ਸਿੰਘ ਦੀ ਪੁਸਤਕ ‘ਖਾਲਸਾ ਪੰਥ : ਉਤਰ-ਆਧੁਨਿਕ ਪਰਿਪੇਖ’; ਪ੍ਰਿੰਸੀਪਲ ਕਿਸ਼ਨ ਸਿੰਘ ਰਚਿਤ ਕਾਵਿ ਰਚਨਾ ‘ਕਰੋਨਾ ਕਾਲ ਹੰਢਾਉਂਦਿਆਂ’; ਸੁਖਪਾਲ ਸਿੰਘ ਦਾ ਲੇਖ ਸੰਗ੍ਰਹਿ ‘ਸੱਖਣੀ ਖੜੋਤ ਤੋਂ ਵਿਗਾਸ ਵੱਲ’ ਅਤੇ ਕਾਵਿ ਸ਼ਾਸਤਰ ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤੇ ਗਏ।ਉਦਘਾਟਨੀ ਸਮਾਰੋਹ ਦੇ ਅੰਤ ਵਿਚ ਧੰਨਵਾਦੀ ਸ਼ਬਦ ਡਾ. ਸੁਖਵਿੰਦਰ ਸਿੰਘ ਨੇ ਕਹੇ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਅਮਰਜੀਤ ਸਿੰਘ ਦੁਆਰਾ ਨਿਭਾਈ ਗਈ।
                   ਅੰਮ੍ਰਿਤਸਰ ਸਾਹਿਤ ਉਤਸਵ ਦੇ ਦੂਜੇ ਸਮਾਗਮ ਦੌਰਾਨ ‘ਪੰਜਾਬੀ ਸਮਾਜ ਵਿਚ ਕਿਸਾਨੀ : ਰਿਸ਼ਤੇ ਅਤੇ ਸੰਕਟ’ ਵਿਸ਼ੇ ‘ਤੇ ਇਕ ਗੰਭੀਰ ਸੰਵਾਦ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਬੌਧਿਕ ਅਤੇ ਵਿਚਾਰਧਾਰਕ ਪ੍ਰੇਰਨਾ ਤੋਂ ਨਾ ਲੈ ਕੇ ਭਾਵਨਾਤਮਕ ਪੱਖ ਤੋਂ ਵਧੇਰੇ ਸਮਝਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਸਾਨੀ ਅਸਲ ਸਮੱਸਿਆ ਛੋਟੇ ਕਿਸਾਨ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਹੈ।ਪੰਜਾਬ ਦੀ ਖੇਤੀ ਪੂੰਜੀਵਾਦ ਦੇ ਰਾਹ ਪੈ ਚੁੱਕੀ ਹੈ, ਜਿਸ ਦਾ ਨੁਮਾਂਇੰਦਾ ਪੇਂਡੂ ਵਿਸ਼ਿਸ਼ਟ ਵਰਗ ਬਣ ਗਿਆ ਹੈ।ਜਿਸ ਨੂੰ ਤਾਕਤ ਪੇਂਡੂ ਮਜ਼ਦੂਰ ਵਰਗ ਅਤੇ ਛੋਟੀ ਕਿਸਾਨੀ ਤੋਂ ਮਿਲਦੀ ਹੈ।ਇਸ ਲਈ ਸਾਨੂੰ ਖੇਤੀਬਾੜੀ ਪ੍ਰਤੀ ਪ੍ਰੰਪਰਾਗਤ ਚੇਤਨਾ ਨੂੰ ਤਿਆਗਣਾ ਪਵੇਗਾ।
                      ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰਸ਼ਨ ਪੰਜਾਬੀ ਕਿਸਾਨੀ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਅਤੇ ਸਮਾਜਿਕ ਵਿਹਾਰ ਨਾਲ ਸਬੰਧਤ ਹੈ।ਕਿਸਾਨੀ ਅੰਦੋਲਨ ਦੀ ਜਿੱਤ ਤਦ ਹੀ ਸਵੀਕਾਰਨਯੋਗ ਹੋ ਸਕਦੀ ਹੈ ਜੇਕਰ ਇਹ ਸਮਾਜਿਕ ਰਿਸ਼ਤਿਆਂ ਨੂੰ ਪੁਨਰ ਪ੍ਰਭਾਸ਼ਿਤ ਵਿਚ ਸਫਲ ਹੋਵੇਗਾ। ਪੰਜਾਬੀ ਅੰਦਰ ਕਿਤਿਆਂ ਦੀ ਵਿਭਿੰਨਤਾ ਬਾਬਤ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀ ਪ੍ਰਧਾਨ ਹੋਣ ਦੇ ਬ੍ਰਿਤਾਂਤ ਬਸਤੀਵਾਦ ਦੀ ਦੇਣ ਹੈ।ਅਮਰਜੀਤ ਸਿੰਘ ਗਰੇਵਾਲ ਨੇ ਸੰਵਾਦ ਵਿਚ ਭਾਗ ਲੈਂਦਿਆਂ ਕਿਹਾ ਕਿ ਪੰਜਾਬ ਨੂੰ ਸਮਝਣ ਲਈ ਇਥੋਂ ਦੀ ਮਾਨਸਿਕਤਾ ਦੀਆਂ ਵਿਭਿੰਨ ਪਰਤਾਂ ਦੀ ਸਿਰਜਣਾ ਨੂੰ ਸਮਝਣਾ ਵੀ ਜ਼ਰੂਰੀ ਹੈ।ਪੰਜਾਬੀ ਸਮਾਜ ਨੂੰ ਇਸ ਪ੍ਰਸ਼ਨ ਉਪਰ ਵੀ ਕੇਂਦਰਿਤ ਹੋਣਾ ਪਵੇਗਾ ਕਿ ਗੈਰ-ਕਿਸਾਨੀ ਵਰਗ ਪ੍ਰਤੀ ਖੇਤੀਬਾੜੀ ਵਰਗ ਦਾ ਕੀ ਰਵਈਆ ਹੈ।ਇਹ ਸੰਵਾਦ ਰਚਾਉਣ ਲਈ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਅਮਨਿੰਦਰ ਸਿੰਘ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।
                       ਅੱਜ ਅੰਮ੍ਰਿਤਸਰ ਸਾਹਿਤ ਉਤਸਵ ਦੇ ਪਹਿਲੇ ਦਿਨ ਦੌਰਾਨ ਦਿੱਲੀ ਯੂਨੀਵਰਸਿਟੀ, ਦਿੱਲੀ, ਜੇ.ਐਨ.ਯੂ ਦਿੱਲੀ, ਜਾਮੀਆ ਮਿਲੀਆ ਇਸਲਾਮੀਆਂ ਯੂਨੀਵਰਸਿਟੀ, ਦਿੱਲੀ, ਜੰਮੂ ਯੂਨੀਵਰਸਿਟੀ, ਜੰਮੂ, ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ, ਸ੍ਰੀਨਗਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਖੋਜਾਰਥੀ-ਵਿਦਿਆਰਥੀਆਂ ਤੋਂ ਇਲਾਵਾ ਡਾ. ਹਰਜੀਤ ਸਿੰਘ ਗਿੱਲ, ਡਾ. ਯੂਬੀ ਗਿੱਲ, ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਰਵਿੰਦਰ ਕੌਰ ਵੀ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …