Friday, April 24, 2026

ਜ਼ਿਲ੍ਹੇ ਦੇ 7 ਸਰਕਾਰੀ ਅਤੇ 3 ਪ੍ਰਾਈਵੇਟ ਹਸਪਤਾਲਾਂ ਵਿਚ ਲਗਾਇਆ ਜਾ ਰਿਹੈ ਟੀਕਾ

ਸਾਰੇ ਸੀਨੀਅਰ ਸਿਟੀਜ਼ਨ ਤੇ ਸਹਿ-ਰੋਗਾਂ ਤੋਂ ਪੀੜਤ ਲਗਵਾ ਸਕਦੇ ਹਨ ਟੀਕਾ-ਡੀ.ਸੀ
ਨਵਾਂਸ਼ਹਿਰ, 4 ਮਾਰਚ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹੇ ਵਿਚ ਕੋਵਿਡ-19 ਟੀਕਾਕਰਨ ਦਾ ਤੀਜਾ ਪੜਾਅ ਪਹਿਲੀ ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਪੜਾਅ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਸਰਕਾਰ ਦੁਆਰਾ ਦਰਸਾਏ ਅਨੁਸਾਰ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾਕਰਨ ਵਾਸਤੇ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਪ੍ਰਮਾਣੀਕਰਣ ਦੇਣਾ ਲਾਜ਼ਮੀ ਹੋਵੇਗਾ।
                 ਉਨ੍ਹਾਂ ਦੱਸਿਆ ਕਿ ਟੀਕਾਕਰਨ ਦੇ ਇਸ ਪੜਾਅ ਵਿਚ ਟੀਕਕਾਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ ਅਤੇ ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟਰ ਕਰ ਵੀ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਹਸਪਤਾਲ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਦੀ ਪ੍ਰਤੀ ਖ਼ੁਰਾਕ ਪਿੱਛੇ 150 ਰੁਪਏ ਵਸੂਲਣ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ ਉਹ ਸੇਵਾ ਪ੍ਰਬੰਧਨ ਖ਼ਰਚੇ ਵਜੋਂ 100 ਰੁਪਏ ਵਾਧੂ ਵਸੂਲ ਸਕਦੇ ਹਨ।
                  ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਵੀ ਨਾਲੋ-ਨਾਲ ਚੱਲ ਰਿਹਾ ਹੈ।ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕੇਵਲ ਆਪਣਾ ਅਧਿਕਾਰਤ ਪਹਿਚਾਣ ਪੱਤਰ ਹੀ ਦਿਖਾਉਣਾ ਹੋਵੇਗਾ।
                     ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 7 ਸਰਕਾਰੀ ਅਤੇ 3 ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਇਆ ਜਾ ਸਕਦਾ ਹੈ।ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਸੀ.ਐਚ.ਸੀ ਬੰਗਾ, ਸੀ.ਐਚ.ਸੀ ਰਾਹੋਂ, ਸੀ.ਐਚ.ਸੀ ਮੁਕੰਦਪੁਰ, ਸੀ.ਐਚ.ਸੀ ਸੜੋਆ ਅਤੇ ਪੀ.ਐਚ.ਸੀ ਸੁੱਜੋਂ ਸ਼ਾਮਿਲ ਹਨ ਜਦਕਿ ਪਾਈਵੇਟ ਹਸਪਤਾਲਾਂ ਵਿਚ ਰਾਜਾ ਹਸਪਤਾਲ, ਆਈ.ਵੀ.ਵਾਈ ਹਸਪਤਾਲ ਅਤੇ ਮਿੱਤਲ ਹਸਪਤਾਲ ਸ਼ਾਮਿਲ ਹਨ।ਸਹਿ-ਰੋਗਾਂ ਵਿਚ ਡਾਇਬਟੀਜ਼, ਦਿਲ ਦੇ ਰੋਗਾਂ, ਗੁਰਦੇ ਦੇ ਰੋਗਾਂ, ਜਿਗਰ ਦੇ ਰੋਗਾਂ, ਸਾਹ ਪ੍ਰਣਾਲੀ ਦੇ ਰੋਗਾਂ ਅਤੇ ਸਟਰੋਕ ਆਦਿ ਨਾਲ ਸਬੰਧਤ 20 ਦੇ ਕਰੀਬ ਬਿਮਾਰੀਆਂ ਸ਼ਾਮਿਲ ਹਨ, ਜਿਸ ਦਾ ਪ੍ਰਮਾਣੀਕਰਨ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਕਰਵਾਉਣਾ ਹੋਵੇਗਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …