Wednesday, September 30, 2026

ਸੂਬੇ ਦੀ ਤਰੱਕੀ ਤੇ ਹਰ ਵਰਗ ਦੀ ਭਲਾਈ ਯਕੀਨੀ ਬਣਾਏਗਾ ਪੰਜਾਬ ਸਰਕਾਰ ਦਾ ਬਜ਼ਟ – ਵਿਧਾਇਕ ਅੰਗਦ ਸਿੰਘ

ਨਵਾਂਸ਼ਹਿਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜ਼ਟ ਦੀ ਸ਼ਲਾਘਾ ਕਰਦਿਆਂ ਹਲਕਾ ਨਵਾਂਸ਼ਹਿਰ ਦੇ ਨੌਜਵਾਨ ਵਿਧਾਇਕ ਅੰਗਦ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਜਟ ਸੂਬੇ ਦੀ ਤਰੱਕੀ ਅਤੇ ਹਰੇਕ ਵਰਗ ਦੀ ਭਲਾਈ ਨੂੰ ਮੁੱਖ ਰੱਖਦਿਆਂ ਬਹੁਤ ਹੀ ਬਾਰੀਕੀ ਨਾਲ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ, ਜਿਸ ਨਾਲ ਜਿਥੇ ਸੂਬੇ ਦਾ ਸਰਬਪੱਖੀ ਵਿਕਾਸ ਯਕੀਨੀ ਬਣੇਗਾ, ਉਥੇ ਪੰਜਾਬ ਦੇ ਹਰੇਕ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ।
                   ਉਨ੍ਹਾਂ ਕਿਹਾ ਕਿ ਬੱਜਟ ਵਿਚ ਸੁਸਾਇਟੀਆਂ ਦੇ ਕਰਜ਼ੇ ਮੁਆਫ਼ ਕਰਨ ਲਈ ਰੱਖੇ ਗਏ 550 ਕਰੋੜ ਰੁਪਏ ਗਰੀਬਾਂ ਲਈ ਵੱਡਾ ਸਹਾਰਾ ਬਣਨਗੇ। ਇਸੇ ਤਰ੍ਹਾਂ ਆਸ਼ੀਰਵਾਦ ਸਕੀਮ ਨੂੰ 21 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨਾ ਅਤੇ ਬੁੱਢਾਪਾ ਪੈਨਸ਼ਨ ਵਿਚ ਵੀ ਭਾਰੀ ਵਾਧਾ ਕਰਨਾ ਪੰਜਾਬ ਸਰਕਾਰ ਦੇ ਅਸਲ ਲੋਕ ਹਿਤੈਸ਼ੀ ਹੋਣ ਦਾ ਪ੍ਰਤੱਖ ਪ੍ਰਮਾਣ ਹੈ।ਉਨ੍ਹਾਂ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ’ਤੇ ਕੈਪਟਨ ਸਰਕਾਰ ਵੱਲੋਂ ਅਸਲ ਵਿਚ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਸਰਕਾਰੀ ਬੱਸਾਂ ਵਿਚ ਉਨ੍ਹਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਜੋ ਕਿ ਮਹਿਲਾ ਸਸ਼ਕਤੀਕਰਨ ਵੱਲ ਇਕ ਵੱਡਾ ਕਦਮ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੀ ਤੋਹਫ਼ਾ ਦਿੰਦਿਆਂ ਇਥੇ ਪੁਲਿਸ ਲਾਈਨ ਸਥਾਪਿਤ ਕਰਨ ਲਈ 13 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਨਾਲ ਜ਼ਿਲ੍ਹਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿਲ੍ਹਾ ਦਾ ਬੁਨਿਆਦੀ ਢਾਂਚਾ ਹੋਰ ਵਧੀਆ ਬਣੇਗਾ ਅਤੇ ਜ਼ਿਲ੍ਹਾ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …