Wednesday, July 1, 2026

ਦਮਦਮੀ ਟਕਸਾਲ ਦੀ ਕੌਮ ਨੂੰ ਵੱਡੀ ਦੇਣ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਟਕਸਾਲ ਵੱਲੋਂ ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਾਠ ਬੋਧ ਸਮਾਗਮ ਆਰੰਭ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ) – ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਆਰੰਭਤਾ ਕੀਤੀ ਗਈ ਹੈ।
                     ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ `ਚ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅਤੇ ਸੰਤ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਇਹ ਪਾਠ ਬੋਧ ਸਮਾਗਮ 16 ਅਪ੍ਰੈਲ ਤੱਕ ਚੱਲੇਗਾ।ਸਮਾਗਮ ਦੌਰਾਨ ਸਕੂਲੀ ਬੱਚੀਆਂ, ਔਰਤਾਂ ਅਤੇ ਨੌਜਵਾਨ ਵਰਗ ਵੱਲੋਂ ਵੀ ਗੁਰਬਾਣੀ ਸੰਥਿਆ ਪ੍ਰਤੀ ਖ਼ਾਸ ਰੁਚੀ ਦੇਖਣ ਨੂੰ ਮਿਲੀ ਹੈ।
                      ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਗੁਰਬਾਣੀ ਸੰਥਿਆ, ਪ੍ਰਚਾਰ ਤੇ ਪਸਾਰ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਗੁਰਬਾਣੀ ਅਦਬ ਦੇ ਖੇਤਰ ਵਿਚ ਦਮਦਮੀ ਟਕਸਾਲ ਦੀ ਕੌਮ ਨੂੰ ਬਹੁਤ ਵੱਡੀ ਦੇਣ ਹੈ।ਇਸ ਦੇ ਵਿਦਵਾਨਾਂ ਨੇ ਗੁਰਬਾਣੀ ਸ਼ੁੱਧ ਉਚਾਰਨ ਨੂੰ ਸੰਭਾਲ ਕੇ ਰੱਖਿਆ ਹੈ।
                     ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗੁਰਬਾਣੀ ਦੇ ਗ਼ਲਤ ਉਚਾਰਨ ਨੂੰ ਸ਼ਬਦ ਗੁਰੂ ਦੀ ਬੇਅਦਬੀ ਦੇ ਤੁੱਲ ਦੱਸਿਆ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ੁੱਧ ਪਾਠ ਬੋਧ ਦੀਆਂ ਵਿਸ਼ੇਸ਼ਤਾਵਾਂ ਅਤੇ ਇਤਿਹਾਸਕ ਪੱਖ `ਤੇ ਰੌਸ਼ਨੀ ਪਾਉਂਦਿਆਂ ਪੰਥ ਦੋਖੀ ਤੇ ਸਵਾਰਥੀ ਲੋਕਾਂ ਪ੍ਰਤੀ ਸੁਚੇਤ ਰਹਿਣ ਦੀ ਸੰਗਤ ਨੂੰ ਅਪੀਲ ਕੀਤੀ।ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕੌਮ `ਚ ਸ਼ੁੱਧ ਪਾਠ ਪ੍ਰਤੀ ਆਏ ਅਵੇਸਲਾਪਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਬਿਨਾ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਨਹੀਂ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸਮਾਗਮ `ਚ ਹਿੱਸਾ ਲੈ ਕੇ ਸੰਥਿਆ ਪ੍ਰਾਪਤ ਕਰਨ ਵਾਲਿਆਂ ਨੂੰ ਗੁਰਬਾਣੀ ਦੀਆਂ ਸੈਂਚੀਆਂ ਵੰਡੀਆਂ ਜਾਣਗੀਆਂ।ਦੂਰੋਂ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ।ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸਿੱਖੀ ਦਾ ਪ੍ਰਮੁੱਖ ਸੋਮਾ ਗੁਰਬਾਣੀ ਹੈ, ਇਸੇ ਲਈ ਪੰਥ ਦੁਸ਼ਮਣ ਗੁਰਬਾਣੀ ਪ੍ਰਤੀ ਸ਼ੰਕੇ ਪੈਦਾ ਕਰਨ ਲਈ ਯਤਨਸ਼ੀਲ ਹਨ।ਉਨ੍ਹਾਂ ਸਮੇਤ ਸੰਤ ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ, ਸਰਪ੍ਰਸਤ ਭਾਗ ਸਿੰਘ ਅਣਖੀ, ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ।
                            ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸੰਤ ਸਮਾਜ ਦੇ ਬੁਲਾਰੇ ਸੰਤ ਬਾਬਾ ਗੁਰਭੇਜ ਸਿੰਘ ਖੁਜਾਲਾ, ਸੰਤ ਬਾਬਾ ਸਜਨ ਸਿੰਘ ਗੁਰੂ ਕੀ ਬੇਰ ਸਾਹਿਬ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਗਿ: ਜੈਮਲ ਸਿੰਘ, ਬਾਬਾ ਬੀਰ ਸਿੰਘ ਭੰਗਾਲੀ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਹਰਕੀਰਤ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਬਾ ਪ੍ਰਗਟ ਸਿੰਘ ਫਿਰੋਜਪੁਰ, ਬਾਬਾ ਹਰਦੇਵ ਸਿੰਘ ਤਰਸਿਕਾ, ਬਾਬਾ ਜੋਰਾ ਸਿੰਘ ਬੱਧਨੀ ਕਲਾਂ ਵੱਲੋਂ ਭਾਈ ਹਰਜੀਤ ਸਿੰਘ, ਡਾ: ਜਸਬੀਰ ਸਿੰਘ ਸਾਬਰ, ਸੰਤ ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਭਾਈ ਰਾਜਦੀਪ ਸਿੰਘ ਅਰਦਾਸੀਆ, ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …