Saturday, April 25, 2026

ਕੋਵਿਡ ਮਹਾਮਾਰੀ ਨੂੰ ਫੈਲਣੋ ਰੋਕਣ ਲਈ ਜ਼ਿਲ੍ਹੇ ‘ਚ ਨਵੀਆਂ ਪਾਬੰਦੀਆਂ ਲਾਗੂ – ਡਾ. ਸ਼ੇਨਾ ਅਗਰਵਾਲ

ਨਵਾਂਸ਼ਹਿਰ, 22 ਮਾਰਚ (ਪੰਜਾਬ ਪੋਸਟ ਬਿਊਰੋ) – ਗ੍ਰਹਿ ਤੇ ਨਿਆਂ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕੁੱਝ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।ਇਹ ਪਾਬੰਦੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੀਆਂ।
               ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹੇ ਵਿਚ ਸਾਰੇ ਵਿੱਦਿਅਕ ਅਦਾਰੇ, ਜਿਵੇਂ ਸਕੂਲ ਤੇ ਕਾਲਜ਼ ਆਦਿ 31 ਮਾਰਚ 2021 ਤੱਕ ਬੰਦ ਰੱਖੇ ਜਾਣਗੇ।ਪ੍ਰੰਤੂ ਅਧਿਆਪਨ ਤੇ ਗ਼ੈਰ ਅਧਿਆਪਨ ਅਮਲਾ ਸਾਰੇ ਕੰਮਕਾਜ਼ੀ ਦਿਨਾਂ ਦੌਰਾਨ ਹਾਜ਼ਰ ਰਹੇਗਾ, ਜਦਕਿ ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲ੍ਹੇ ਰਹਿਣਗੇ।
ਸਿਨੇਮਾ ਘਰਾਂ, ਥਿਏਟਰਾਂ, ਮਲਟੀਪਲੈਕਸਾਂ ਆਦਿ ਵਿਚ 50 ਫੀਸਦੀ ਦੀ ਹੱਦ ਲਾਗੂ ਰਹੇਗੀ ਅਤੇ ਮਾਲਾਂ ਵਿਚ ਇਕੋ ਸਮੇਂ 100 ਵਿਅਕਤੀਆਂ ਤੋਂ ਵਧੇਰੇ ਦੀ ਆਗਿਆ ਨਹੀਂ ਹੋਵੇਗੀ।
               ਜਾਰੀ ਆਦੇਸ਼ਾਂ ਮੁਤਾਬਿਕ 27 ਮਾਰਚ 2021 ਤੋਂ ਹਰੇਕ ਸਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਕੋਵਿਡ-19 ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿੱਚ ਇਕ ਘੰਟੇ ਲਈ ਚੁੱਪ ਧਾਰੀ (ਸਾਇਲੈਂਸ) ਜਾਵੇਗੀ ਅਤੇ ਇਸ ਸਮੇਂ ਦੌਰਾਨ ਕੋਈ ਵੀ ਵਾਹਨ ਨਹੀਂ ਚੱਲੇਗਾ।
ਕੋਵਿਡ-19 ਦੇ ਮੱਦੇਨਜ਼ਰ ਰਾਤ ਦੇ ਕਰਫਿੳੂ ਤਹਿਤ ਆਮ ਲੋਕਾਂ ਦੀ ਗੈਰ ਜ਼ਰੂਰੀ ਆਵਾਜਾਈ ’ਤੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ।ਇਸ ਦੌਰਾਨ ਜ਼ਿਲ੍ਹੇ ਦੀ ਹਦੂਦ ਅੰਦਰ ਗ਼ੈਰ ਜ਼ਰੂਰੀ ਆਵਾਜਾਈ ਅਤੇ ਵਿਅਕਤੀਗਤ ਗਤੀਵਿਧੀਆਂ ਬੰਦ ਰਹਿਣਗੀਆਂ, ਜਦਕਿ ਜ਼ਰੂਰੀ ਗਤੀਵਿਧੀਆਂ ਜਿਵੇਂ ਉਦਯੋਗਾਂ ਵਿਚ ਕੰਮਕਾਜ਼ ਤੋਂ ਇਲਾਵਾ ਰੇਲਾਂ, ਹਵਾਈ ਜਹਾਜ਼ਾਂ ਅਤੇ ਬੱਸਾਂ ਵਿਚੋਂ ਉਤਰਕੇ ਆਪਣੇ ਟਿਕਾਣਿਆਂ ’ਤੇ ਜਾਣ-ਆਉਣ ਵਾਲੇ ਯਾਤਰੀਆਂ ਦੀ ਆਵਾਜਾਈ ਨੂੰ ਕਰਫਿਊ ਤੋਂ ਛੋਟ ਹੋਵੇਗੀ।
                ਜ਼ਿਲ੍ਹੇ ਅੰਦਰ ਕੋਈ ਵੀ ਸਮਾਜਿਕ, ਸੱਭਿਆਚਾਰਕ ਜਾਂ ਸਿਆਸੀ ਇਕੱਠ ਨਹੀਂ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਵਿਆਹਾਂ-ਸ਼ਾਦੀਆਂ, ਮਿ੍ਰਤਕਾਂ ਦੇ ਅੰਤਿਮ ਸੰਸਕਾਰ ਆਦਿ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 20 ਤੱਕ ਸੀਮਤ ਰੱਖੀ ਜਾਵੇਗੀ। ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਵਿਚ ਸ਼ਿਕਾਇਤਾਂ ਤੇ ਨਿਪਟਾਰੇ ਦੀ ਆਨਲਾਈਨ ਜਾਂ ਵਰਚੁਅਲ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਦਫ਼ਤਰਾਂ ਵਿਚ ਲੋਕਾਂ ਦੀ ਵਿਅਕਤੀਗਤ ਆਮਦ ਦੀ ਆਗਿਆ ਕੇਵਲ ਅਤਿ ਜ਼ਰੂਰੀ ਹੋਣ ’ਤੇ ਹੀ ਹੋਵੇਗੀ।
                 ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ, ਮਾਲਜ਼ ਆਦਿ ਹਰੇਕ ਐਤਵਾਰ ਨੂੰ ਬੰਦ ਰੱਖੇ ਜਾਣਗੇ, ਜਦਕਿ ਹੋਮ ਡਿਲੀਵਰੀ ਸਹੂਲਤ ਨੂੰ ਰਾਤ ਦੇ ਕਰਫ਼ਿਊ ਵਾਲੇ ਸਮੇਂ ਤੋਂ ਇਲਾਵਾ ਜਾਰੀ ਰੱਖਣ ਦੀ ਆਗਿਆ ਹੋਵੇਗੀ।
                  ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਕੌਮੀ ਨਿਰਦੇਸ਼ਾਂ, ਕੇਂਦਰੀ ਗ੍ਰਹਿ ਮੰਤਰਾਲੇ/ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ।ਬਾਜ਼ਾਰਾਂ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ’ਚ ਜ਼ਰੂਰੀ ਇਹਤਿਆਤ ਵਰਤੇ ਜਾਣੇ, ਜਿਨ੍ਹਾਂ ਵਿਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਾ ਕੇ ਰੱਖੇ ਜਾਣੇ ਯਕੀਨੀ ਬਣਾਏ ਜਾਣਗੇ।ਇਸ ਤੋਂ ਬਿਨਾਂ ਜਨਤਕ ਥਾਵਾਂ ’ਤੇ ਥੁੱਕਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
                 ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਮੁਤਾਬਿਕ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਵਿਅਕਤੀਆਂ ਨੂੰ ਨੇੜ੍ਹਲੇ ਕੋਵਿਡ-19 ਟੈਸਟ ਕੇਂਦਰ ਲਿਜਾ ਕੇ ਆਰ.ਟੀ.ਪੀ.ਸੀ.ਆਰ ਟੈਸਟ ਕਰਵਾਏ ਜਾਣਗੇ, ਜਿਹੜੇ ਗ਼ਲੀਆਂ, ਬਾਜ਼ਾਰਾਂ, ਸੜਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਬਿਨਾਂ ਮਾਸਕ ਘੁੰਮਦੇ ਪਾਏ ਜਾਣਗੇ, ਤਾਂ ਕਿ ਕੋਵਿਡ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣਾ ਯਕੀਨੀ ਬਣਾਇਆ ਜਾ ਸਕੇ।
                       ਜਾਰੀ ਹੁਕਮਾਂ ਵਿਚ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਵੀ ਆਪਣੇ ਘਰਾਂ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਅਗਲੇ ਦੋ ਹਫ਼ਤਿਆਂ ਲਈ ਰੋਕ ਦੇਣ, ਤਾਂ ਜੋ ਕੋਵਿਡ ਮਹਾਮਾਰੀ ਦੀ ਕੜੀ ਨੂੰ ਅੱਗੇ ਫ਼ੈਲਣ ਤੋਂ ਰੋਕਿਆ ਜਾ ਸਕੇ।ਆਪਣੇ ਘਰਾਂ ‘ਚ ਵੀ 10 ਤੋਂ ਵਧੇਰੇ ਲੋਕਾਂ ਨੂੰ ਨਾ ਬੁਲਾਇਆ ਜਾਵੇ।
                       ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਇਕੱਠਾਂ ਨੂੰ ਜਾਰੀ ਹਦਾਇਤਾਂ ਮੁਤਾਬਿਕ ਇਨਡੋਰ ਅਤੇ ਆਊਟਡੋਰ ਦੀ 100 ਤੇ 200 ਵਿਅਕਤੀਆਂ ਦੀ ਨਿਰਧਾਰਤ ਗਿਣਤੀ ਮੁਤਾਬਿਕ ਕੇਵਲ 50 ਫੀਸਦੀ ਸਮਰੱਥਾ ਤੱਕ ਹੀ ਸੀਮਿਤ ਰੱਖਣ।
ਜਾਰੀ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …