Thursday, April 23, 2026

ਜਨਤਕ ਕੰਮਾਂ ਲਈ ਆਪਣੇ ਤਜ਼ਰਬੇ ਦੀ ਵਰਤੋਂ ਕਰਨ ਅਧਿਕਾਰੀ – ਔਜਲਾ

ਪੰਚਾਇਤ ਅਧਿਕਾਰੀਆਂ ਵਲੋਂ ਵਿਕਾਸ ਕੰਮਾਂ ਦੀ ਕੀਤੀ ਜਾ ਰਹੀ ਅਣਦੇਖੀ ਦਾ ਲਿਆ ਗੰਭੀਰ ਨੋਟਿਸ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜ਼ਿਲ੍ਹੇ ਵਿੱਚ ਚੱਲਦੀਆਂ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਅਧੀਨ ਹੋ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਜ਼ਿਲੇ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਹ ਆਪਣੇ ਯੋਗਤਾ ਅਤੇ ਤਜ਼ਰਬੇ ਦੀ ਵਰਤੋਂ ਲੋਕ ਭਲਾਈ ਲਈ ਕਰਨ।ਉਨ੍ਹਾਂ ਕਿਹਾ ਕਿ ਸਾਰੇ ਪ੍ਰੋਜੈਕਟਾਂ ਅਤੇ ਯੋਜਨਾਵਾਂ ਤੇ ਲੱਗ ਰਿਹਾ ਪੈਸਾ ਲੋਕਾਂ ਦਾ ਪੈਸਾ ਹੈ।ਜਿਸ ਦੀ ਸਹੀ ਵਰਤੋਂ ਹਰ ਹਾਲਤ ਹੋਣੀ ਚਾਹੀਦੀ ਹੈ। ਕੁੱਝ ਇਕ ਪਿੰਡਾਂ ਵਿੱਚ ਸਰਪੰਚਾਂ ਅਤੇ ਵਿਕਾਸ ਕੰਮਾਂ ਲਈ ਆਏ ਪੈਸੇ ਦੀ ਵਰਤੋਂ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਔਜਲਾ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਭਵਿੱਖ ਵਿੱਚ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਚੋਗਾਵਾਂ ਅਤੇ ਅੰਮਿ੍ਰਤਸਰ-ਰਮਦਾਸ ਵਾਇਆ ਸੋਹੀਆਂ ਸੜਕਾਂ ਜੋ ਕਿ ਲੰਮੇ ਸਮੇਂ ਤੋਂ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ ਸਬੰਧੀ ਜਿੰਮੇਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿੱਚ ਹੋਈ ਦੇਰੀ ਦਾ ਕਾਰਨ ਦੱਸੋ ਜਵਾਬ ਮੰਗਦਿਆਂ ਉਕਤ ਸੜਕਾਂ ਛੇਤੀ ਬਣਾਉਣ ਦੀ ਹਦਾਇਤ ਕੀਤੀ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਮੀਟਿੰਗ ਵਿੱਚ ਕਿਸੇ ਵਿਭਾਗ ਦਾ ਜ਼ਿਲਾ ਅਧਿਕਾਰੀ ਖੁਦ ਹਾਜ਼ਰ ਹੋਵੇ।
              ਅੰਮ੍ਰਿਤਸਰ ਦੇ ਬਾਹਰਵਾਰ ਚੱਲ ਰਹੀਆਂ ਡਰੇਨਾਂ ਜੋ ਕਿ ਹੁਣ ਗੰਦੇ ਨਾਲੇ ਵਿੱਚ ਬਦਲ ਚੁੱਕੀਆਂ ਹਨ ਦੀ ਹਾਲਤ ਉੱਤੇ ਚਿੰਤਾ ਕਰਦਿਆਂ ਕਿਹਾ ਕਿ ਉਕਤ ਕੁਦਰਤੀ ਪਾਣੀ ਦੇ ਸਾਧਨਾਂ ਨੂੰ ਤੇਜ਼ਾਬੀ ਪਾਣੀ ਵਿਚ ਬਦਲਣ ਵਾਲੀਆਂ ਸਨਅੱਤੀ ਇਕਾਈਆਂ ਨੂੰ ਹਰ ਹਾਲਤ ਅਜਿਹੀ ਗੈਰ ਕੁਦਰਤੀ ਮਿਲਾਵਟ ਲਈ ਰੋਕਿਆ ਜਾਵੇਗਾ। ਉਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੱਡੀਆਂ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਜਿਸ ਨੂੰ ਹੱਲ ਕਰਨ ਲਈ ਅਜਿਹੇ ਸਰੋਤਾਂ ਨੂੰ ਠੀਕ ਕਰਨਾ ਜ਼ਰੂਰੀ ਹੈ। ਉਨਾਂ ਕਿਹਾ ਕਿ ਉਹ ਖੁਦ ਉਕਤ ਸਨਅੱਤਕਾਰਾਂ ਨਾਲ ਮੀਟਿੰਗ ਕਰਕੇ ਪਹਿਲਾਂ ਤਾਂ ਹੱਥ ਜੋੜ ਕੇ ਅਪੀਲ ਕਰਨਗੇ ਅਤੇ ਜੇਕਰ ਉਹ ਨਾ ਹਟੇ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਅੰਮ੍ਰਿਤਸਰ ਵਿੱਚ ਸਾਫ਼ ਸਫ਼ਾਈ ਨੂੰ ਸੁਧਾਰਨ ਲਈ ਉਨਾਂ ਨੇ ਅੰਮ੍ਰਿਤਸਰ ਛਾਉਣੀ ਦੇ ਮਾਡਲ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹਾ ਦੋ-ਚਾਰ ਵਾਰਡਾਂ ਵਿੱਚ ਤਜ਼ਰਬੇ ਵਜੋਂ ਸ਼ੁਰੂ ਕਰਕੇ ਸਾਰੇ ਸ਼ਹਿਰ ਵਿੱਚ ਲਾਗੂ ਕੀਤਾ ਜਾਵੇ। ਜ਼ਿਲੇ ਦੀ ਅਮਨ ਕਾਨੂੰਨ ਹਾਲਤ ਬਾਰੇ ਉਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੇਲ੍ਹ ਵਿੱਚੋਂ ਛੁੱਟੀ ਜਾਂ ਜਮਾਨਤ ਤੋਂ ਆਏ ਅਪਰਾਧੀਆਂ ’ਤੇ ਨਜ਼ਰ ਰੱਖਣ, ਗੱਡੀਆਂ ਵਿੱਚ ਬੈਠ ਕੇ ਸ਼ਰਾਬ ਪੀਣ ਵਾਲਿਆਂ ‘ਤੇ ਪਾਬੰਦੀ ਲਾਉਣ ਅਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵਰਤੋਂ ਕਰਨ।ਔਜਲਾ ਨੇ ਨਵੇਂ ਬਣ ਰਹੇ ਨੈਸ਼ਨਲ ਹਾਈਵੇਜ਼ ਦੇ ਨਾਲ ਸਾਇਕਲ ਟ੍ਰੈਕ ਬਣਾਉਣ ਅਤੇ ਹਰ ਚੌਂਕ ਵਿੱਚ ਪੁੱਲ ਬਣਾਉਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ।ਮੀਟਿੰਗ ਵਿੱਚ ਹਾਜ਼ਰ ਵਿਧਾਇਕ ਸੁਨੀਲ ਦੱਤੀ ਨੇ ਸ਼ਹਿਰ ਵਿਚ ਪੈ ਰਹੀ ਐਲ.ਪੀ.ਜੀ ਪਾਇਪ ਲਾਈਨ ਦੇ ਕੰਮ ਵਿੱਚ ਗੁਣਵੱਤਾ ਲਿਆਉਣ, ਬੀ.ਆਰ.ਟੀ.ਐਸ ਦੇ ਕਿਰਾਏ ਘੱਟ ਕਰਨ, ਐਲ.ਈ.ਡੀ ਲਾਈਟਾਂ ਲਗਵਾਉਣ, ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚੋਂ ਉਚ ਤਾਕਤੀ ਬਿਜਲੀ ਤਾਰਾਂ ਹਟਾਉਣ ਅਤੇ ਮਜੀਠਾ ਰੋਡ ਦੀ ਮੁਰੰਮਤ ਕਰਨ ਦਾ ਮੁੱਦਾ ਉਠਾਇਆ।
                       ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਦੀਆਂ ਸਾਰੀਆਂ ਟ੍ਰੈਫਿਕ ਲਾਈਟਾਂ ਚਾਲੂ ਕਰਨ ਅਤੇ ਕੁੱਝ ਇਕ ਚੌਂਕਾਂ ‘ਚ ਹਾਦਸਿਆਂ ਦਾ ਕਾਰਨ ਬਣਦੀ ਤਕਨੀਕੀ ਖ਼ਰਾਬੀ ਨੂੰ ਸੁਧਾਰਨ ਦੀ ਹਦਾਇਤ ਵੀ ਕੀਤੀ।ਔਜਲਾ ਨੇ ਜਲ ਸਪਲਾਈ, ਸਮਾਰਟ ਸਿਟੀ, ਪ੍ਰਧਾਨ ਮੰਤਰੀ ਹਾਊਸਿੰਗ ਯੋਜਨਾ, ਆਯੂਸ਼ਮਾਨ ਭਾਰਤ ਸਕੀਮ, ਸਿੱਖਿਆ ਸੰਸਥਾਵਾਂ ਦੀਆਂ ਸਕੀਮਾਂ, ਪੰਚਾਇਤੀ ਫੰਡਾਂ ਦੀ ਵਰਤੋਂ ਆਦਿ ਯੋਜਨਾਵਾਂ ਦੀ ਸਮੀਖਿਆ ਕੀਤੀ।
                       ਇਸ ਮੌਕੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …