ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਂਅ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਾਰਗ’ ਰੱਖਿਆ
ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 24 ਮਾਰਚ (ਪੰਜਾਬ ਪੋਸਟ ਬਿਊਰੋ) – ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ
ਸ਼ਹੀਦੀ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ’ਤੇ ਕਰਵਾਏ ਪੁਸ਼ਪ ਅਰਪਣ ਸਮਾਰੋਹ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਰਧਾ ਸੁਮਨ ਅਰਪਿਤ ਕੀਤੇ। ਇਸ ਦੌਰਾਨ ਉਨ੍ਹਾਂ ਵੱਲੋਂ ਮਿਊਜ਼ੀਅਮ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ਅਤੇ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਪੁਸ਼ਪ ਅਰਪਣ ਕੀਤੇ ਗਏ।ਉਨ੍ਹਾਂ ਨਵਾਂਸ਼ਹਿਰ-ਬੰਗਾ ਰੋਡ ਤੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਜਾਂਦੀ ਸੜਕ ਦਾ ਨਾਂਅ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਾਰਗ’ ਰੱਖਣ ਦੀ ਰਸਮ ਵੀ ਅਦਾ ਕੀਤੀ।ਇਸ ਤੋਂ ਬਾਅਦ ਉਨ੍ਹਾਂ ਮਿਊਜ਼ੀਅਮ ਵਿਚਲੀ ਗੈਲਰੀ ਅਤੇ ਖਟਕੜ ਕਲਾਂ ਵਿਖੇ ਸ਼ਹੀਦ ਦੇ ਜੱਦੀ ਘਰ ਦਾ ਦੌਰਾ ਵੀ ਕੀਤਾ।
ਨੌਜਵਾਨਾਂ ਨੂੰ ਸ਼ਹੀਦਾਂ ਦੇ ਸਦਕਾ ਮਿਲੀ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਸਿਰਜਣ ਲਈ ਆਪਣਾ ਯੋਗਦਾਨ ਪਾਈਏ।ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਦੇਸ਼ ਦੀ ਅਜ਼ਾਦੀ ਲਈ ਉਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।ਜਿਸ ਤਰ੍ਹਾਂ ਪੰਜਾਬੀਆਂ ਨੇ ਦੇਸ਼ ਨੂੰ ਗ਼ੁਲਾਮੀ ਤੋਂ ਮੁਕਤੀ ਦਿਵਾਈ ਹੈ, ਉਸੇ ਤਰ੍ਹਾਂ ਜਲਦ ਹੀ ਉਹ ਕੋਰੋਨਾ ਮਹਾਮਾਰੀ ਨੂੰ ਵੀ ਮਾਤ ਦੇਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੇ ਮਕਸਦ ਨਾਲ ਇਥੇ 3.78 ਕਰੋੜ ਦੀ ਲਾਗਤ ਨਾਲ ਇਕ ਵਿਸ਼ਾਲ ਪ੍ਰਾਜੈਕਟ ਅਰੰਭਿਆ ਗਿਆ ਹੈ।ਜਿਸ ਤਹਿਤ ਇਥੇ ਇਕ ਸੈਲਾਨੀ ਸੁਵਿਧਾ ਸੈਂਟਰ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿਚ ਕੈਫੇਟੇਰੀਆ, ਪਾਰਕਿੰਗ, ਟੁਆਲਿਟਸ ਅਤੇ ਹੋਰ ਸੁਵਿਧਾਵਾਂ ਮੁਹੱਈਆ ਹੋਣਗੀਆਂ।ਇਥੇ ਸੈਲਾਨੀ ਬੁਨਿਆਦੀ ਢਾਂਚੇ ਦੇ ਵਿਕਾਸ, ਲੈਂਡਸਕੇਪਿੰਗ ਅਤੇ ਸੁੰਦਰੀਕਰਨ ਦੇ ਹੋਰ ਕੰਮ ਕੀਤੇ ਜਾ ਰਹੇ ਹਨ।ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੂੰ ਜਾਂਦੇ ਰਸਤੇ ਦੀ ਪੇਵਿੰਗ ਅਤੇ ਸਜਾਵਟ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਵਿਖੇ 33 ਲੱਖ ਦੀ ਲਾਗਤ ਨਾਲ 80 ਕਿਲੋਵਾਟ ਸਮਰੱਥਾ ਵਾਲਾ ਸੋਲਰ ਊਰਜਾ ਸਿਸਟਮ ਵੀ ਲਗਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਇਥੇ 18 ਲੱਖ ਦੀ ਲਾਗਤ ਨਾਲ ਸਜਾਵਟੀ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸ਼ਹੀਦ ਦੀ ਧਰਤੀ ਦੇ ਸਰਬਪੱਖੀ ਵਿਕਾਸ ਲਈ ਜਿੰਨੀਆਂ ਵੀ ਗਰਾਂਟਾਂ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਐਸ.ਐਸ.ਪੀ ਅਲਕਾ ਮੀਨਾ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬੰਗਾ, ਚੌਧਰੀ ਅਜੇ ਮੰਗੂਪੁਰ, ਐਸ.ਡੀ.ਐਮ ਬੰਗਾ ਵਿਰਾਜ ਤਿੜਕੇ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਐਸ.ਪੀ ਮਨਵਿੰਦਰ ਬੀਰ ਸਿੰਘ ਅਤੇ ਵਜ਼ੀਰ ਸਿੰਘ ਖਹਿਰਾ, ਸ਼ਹੀਦ ਦੇ ਪਰਿਵਾਰਕ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media