Tuesday, July 28, 2026

ਡੀ.ਸੀ ਵਲੋਂ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ‘ਚ ਤੇਜ਼ੀ ਲਿਆਉਣ ਦੇ ਹੁਕਮ

ਜਿਲ੍ਹੇ ਵਿੱਚ ਹੁਣ ਤੱਕ 64.37 ਫੀਸਦੀ ਪਰਿਵਾਰ ਕਵਰ ਹੋਏ

ਕਪੂਰਥਲਾ, 24 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ 5 ਲੱਖ ਰੁਪੈ ਦੇ ਮੁਫਤ ਇਲਾਜ ਦੀ ਸਹੂਲਤ ਦੇਣ ਦੇ ਮਕਸਦ ਨਾਲ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਦੀ ਪ੍ਰਕਿ੍ਆ ਵਿੱਚ ਤੇਜ਼ੀ ਲਿਆਉਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉਪਲ ਵਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
                ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਈ-ਕਾਰਡ ਨੂੰ ਫਲੈਗਸ਼ਿਪ ਪ੍ਰੋਗਰਾਮ ਐਲਾਨਿਆ ਗਿਆ ਹੈ, ਜਿਸ ਕਰਕੇ 31 ਮਾਰਚ ਤੱਕ ਇਸ ਯੋਜਨਾ ਤਹਿਤ ਕਾਰਡ ਜੰਗੀ ਪੱਧਰ ’ਤੇ ਬਣਾਏ ਜਾਣ।ਉਨਾਂ ਸਮੂਹ ਐਸ.ਡੀ.ਐਮ ਨੂੰ ਕਿਹਾ ਕਿ ਵੱਡੀ ਆਬਾਦੀ ਵਾਲੇ ਪਿੰਡਾਂ ਅਤੇ ਜਿਨ੍ਹਾਂ ਪਿੰਡਾਂ ਜਾਂ ਮੁਹੱਲਿਆਂ ਅੰਦਰ ਅਜੇ ਜਿਆਦਾ ਕਾਰਡ ਨਹੀਂ ਬਣੇ ਹਨ, ਉੱਥੇ ਵਿਸ਼ੇਸ਼ ਕੈਂਪ ਲਾਏ ਜਾਣ।
                  ਉਨ੍ਹਾਂ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਜਿਲ੍ਹਾ ਮੰਡੀ ਅਫਸਰ, ਕੰਸਟਰਕਸ਼ਨ ਵਰਕਰਜ਼ ਬੋਰਡ ਦੇ ਅਧਿਕਾਰੀਆਂ ਤੇ ਕਰ ਵਿਭਾਗ ਨੂੰ ਕਿਹਾ ਕਿ ਉਹ ਸਬੰਧਿਤ ਹਰ ਲਾਭਪਾਤਰੀ ਦਾ ਕਾਰਡ ਬਣਨਾ ਯਕੀਨੀ ਬਣਾਉਣ।ਉਨ੍ਹਾਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੂੰ ਕਿਹਾ ਕਿ ਉਹ ਰੋਜ਼ਾਨਾ ਦੇ ਅਧਾਰ ’ਤੇ ਕਾਰਡ ਬਣਾਉਣ ਸਬੰਧੀ ਰਿਪੋਰਟ ਪੇਸ਼ ਕਰਨ।
                   ਸਟੇਟ ਹੈਲਥ ਏਜੰਸੀ ਦੇ ਅਧਿਕਾਰੀਆਂ ਅਨੁਸਾਰ ਜਿਲ੍ਹੇ ਅੰਦਰ ਕੁੱਲ 109737 ਪਰਿਵਾਰਾਂ ਵਿਚੋਂ 70635 ਪਰਿਵਾਰ ਜੋ ਕਿ ਕੁੱਲ ਦਾ 64.37 ਫੀਸਦ ਬਣਦਾ ਹੈ, ਨੂੰ ਕਵਰ ਕਰ ਲਿਆ ਗਿਆ ਹੈ।
                      ਡਿਪਟੀ ਕਮਿਸ਼ਨਰ ਵਲੋਂ ਕੰਸਟਰਕਸ਼ਨ ਵਰਕਰਜ਼ ਬੋਰਡ ਨਾਲ ਰਜਿਸਟਰਡ ਉਸਾਰੀ ਕਾਮਿਆਂ ਅਤੇ ਕਰ ਤੇ ਆਬਕਾਰੀ ਵਿਭਾਗ ਕੋਲ ਰਜਿਸਟਰਡ ਸਮਾਲ ਟਰੇਡਰਜ਼ ਦੇ ਕਾਰਡ ਬਣਾਉਣ ਵੱਲ ਵਿਸ਼ੇਸ਼ ਤਵੱਜ਼ੋ ਦੇਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਉਸਾਰੀ ਕਾਮਿਆਂ ਨੂੰ ਕਾਰਡ ਦੀ ਮਹੱਤਤਾ ਬਾਰੇ ਦੱਸਣ ਲਈ ਹਰ ਉਸਾਰੀ ਕਾਮੇ ਨਾਲ ਸੰਪਰਕ ਸਾਧਿਆ ਜਾਵੇ।
                     ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਸ਼੍ਰੇਣੀ ਵਿਚ ਕੁੱਲ 9000 ਕਿਸਾਨਾਂ ਦੇ ਕਾਰਡ ਬਣਾਏ ਜਾਣੇ ਸਨ, ਜਿਸ ਵਿਚੋਂ ਹੁਣ ਤੱਕ 7841 ਕਾਰਡ ਬਣਾਏ ਜਾ ਚੁੱਕੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਅੰਦਰ 5 ਮਾਰਕੀਟ ਕਮੇਟੀਆਂ ਕਪੂਰਥਲਾ, ਫਗਵਾੜਾ , ਭੁਲੱਥ, ਢਿਲਵਾਂ ਤੇ ਸੁਲਤਾਨਪੁਰ ਲੋਧੀ ਵਿਖੇ ਈ-ਕਾਰਡ ਬਣਾਉਣ ਲਈ ਲਗਾਤਾਰ ਕੈਂਪ ਚੱਲ ਰਹੇ ਹਨ ਤਾਂ ਜੋ ਕਿਸਾਨ ਵੀਰ ਆਪਣਾ ਕਾਰਡ ਆਸਾਨੀ ਨਾਲ ਬਣਵਾ ਸਕਣ।
                  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ. ਪੀ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਸਮੂਹ ਐਸ.ਡੀ.ਐਮ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …