ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਹਿਮ ਉਪਰਾਲੇ ਦੀ ਸ਼ਲਾਘਾ
ਅੰਮ੍ਰਿਤਸਰ 25 ਮਾਰਚ (ਜਗਦੀਪ ਸਿੰਘ) – ਡਾ. ਪਰਮਜੀਤ ਸਿੰਘ ਸਰੋਆ ਲਿਖਤ ਪੁਸਤਕ “ਪੰਥ ਦੇ ਨਿਧੜਕ ਜਰਨੈਲ ਸਿੰਘ ਸਾਹਿਬ ਜਥੇਦਾਰ ਗੁਰਦਿਆਲ
ਸਿੰਘ ਅਜਨੋਹਾ” ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤ ਅਰਪਣ ਕੀਤੀ ਗਈ।ਅੰਤ੍ਰਿੰਗ ਕਮੇਟੀ ਮੈਂਬਰ ਜਥੇ. ਹਰਭਜਨ ਸਿੰਘ ਮਸਾਣਾ, ਜਥੇ. ਹਰਪਾਲ ਸਿੰਘ ਜੱਲ੍ਹਾ ਸਾਬਕਾ ਮੀਤ ਪ੍ਰਧਾਨ, ਜਥੇ. ਬਲਦੇਵ ਸਿੰਘ ਕਿਆਮਪੁਰ ਸਾਬਕਾ ਮੀਤ ਪ੍ਰਧਾਨ, ਬੀਬੀ ਗੁਰਪ੍ਰੀਤ ਕੌਰ ਮੈਂਬਰ, ਜਥੇ. ਅਜਾਇਬ ਸਿੰਘ ਅਭਿਆਸੀ ਮੈਂਬਰ ਧਰਮ ਪ੍ਰਚਾਰ ਕਮੇਟੀ, ਸਕੱਤਰ ਮਹਿੰਦਰ ਸਿੰਘ ਆਹਲੀ, ਡਾ. ਗੁਰਵੀਰ ਸਿੰਘ, ਪਰਮਜੀਤ ਸਿੰਘ ਦੁਨੀਆਂ ਮਾਜਰਾ ਇਸ ਸਮੇਂ ਮੌਜ਼ੂਦ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਡਾ. ਸਰੋਆ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਪੰਥਕ ਹਿੱਤਾਂ ਤੇ ਸਰੋਕਾਰਾਂ ਦੀ ਪਹਿਰੇਦਾਰ ਹੈ।ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਵੀਂ ਪੰਥਕ ਹਿੱਤਾਂ ਦੀ ਨਿਰੰਤਰਤਾ ਨਾਲ ਪਹਿਰੇਦਾਰ ਕੀਤੀ।ਇਸ ਪੁਸਤਕ ਰਾਹੀਂ ਉਨ੍ਹਾਂ ਦੇ ਜੀਵਨ ਅਤੇ ਸੇਵਾਂ ਕਾਰਜ਼ਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਦੀ ਉਹ ਸ਼ਲਾਘਾ ਕਰਦੇ ਹਨ।ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕੀ 1927 ਈ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਜਨੋਹਾ ਪਿੰਡ ਵਿੱਚ ਜਨਮੇ ਜਥੇਦਾਰ ਗੁਰਦਿਆਲ ਸਿੰਘ ਨੇ ਆਪਣਾ ਧਾਰਮਿਕ ਜੀਵਨ ਪਿੰਡ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼ੁਰੂ ਕਰਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, 1972 ਵਿਚ ਬਤੌਰ ਜਥੇਦਾਰ ਤਖ਼ਤ ਸ੍ਰੀ ਕੇਸਗ੍ਹੜ ਸਾਹਿਬ ਅਤੇ 1980 ਈ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਜੋਂ ਨਿਭਾਈਆਂ ਸੇਵਾਵਾਂ ਨੂੰ ਅੱਜ ਵੀ ਮਿਸਾਲੀ ਤੌਰ ’ਤੇ ਯਾਦ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਜਥੇਦਾਰ ਅਜਨੋਹਾ ਨੇ ਆਪਣੇ ਸੇਵਾ ਕਾਲ ਦੌਰਾਨ ਸਿੱਖ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਿਆਂ “ਸਿੱਖ ਇੱਕ ਵੱਖਰੀ ਕੌਮ ਹੈ” ਵਰਗੇ ਇਤਿਹਾਸਕ ਫੈਸਲੇ ਲਏ।ਦੁਨਿਆਵੀਂ ਅਦਾਲਤਾਂ ਦੇ ਸੰਮਨਾਂ ਨੂੰ ਲੈਣ ਤੋਂ ਇਨਕਾਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰੁਤਬੇ ਨੂੰ ਕਾਇਮ ਰੱਖਿਆ।ਅਕਾਲੀ ਧੜਿਆਂ ਵਿਚ ਏਕਤਾ ਦੀ ਪ੍ਰਕਿਰਿਆ ਆਰੰਭੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਅਥਾਹ ਪਿਆਰ ਅਤੇ ਮੇਲ ਮਿਲਾਪ ਨਾਲ ਧਰਮ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਆਰੰਭ ਕੀਤੀ।
ਡਾ. ਸਰੋਆ ਨੇ ਦੱਸਿਆ ਕਿ ਇਸ ਖੋਜ਼ ਭਰਪੂਰ ਪੁਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
Punjab Post Daily Online Newspaper & Print Media