ਜਿਲਾ ਵਾਸੀਆਂ ਨੂੰ ਇਕੋ ਹੀ ਛੱਤ ਹੇਠਾਂ ਮਿਲਣਗੀਆਂ ਸਾਰੀਆਂ ਸਹੂਲਤਾਂ – ਸੋਨੀ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ) – ਜ਼ਿਲਾ੍ਹ ਵਾਸੀਆਂ ਨੂੰ ਇਕੋ ਹੀ ਛੱਤ ਹੇਠ ਸਾਰੀਆਂ ਸਰਕਾਰੀ ਸਹੂਲਤਾਂ ਦੇਣ ਦੇ ਉਦੇਸ਼ ਨਾਲ 93 ਕਰੋੜ ਰੁਪਏ ਦੀ
ਲਾਗਤ ਨਾਲ ਬਣੇ ਚਾਰ ਮੰਜ਼ਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ।
ਮੰਤਰੀ ਸੋਨੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਜ਼ਿਲਾ੍ਹ ਵਾਸੀਆਂ ਨੂੰ ਵੱਖ-ਵੱਖ ਥਾਵਾਂ ‘ਤੇ ਸਰਕਾਰੀ ਕੰਮਾਂ ਲਈ ਚੱਕਰ ਨਹੀ ਕੱਟਣੇ ਪੈਣਗੇ ਅਤੇ ਸਾਰੀਆਂ ਸਹੂਲਤਾਂ ਇਕੋ ਹੀ ਛੱਤ ਹੇਠਾਂ ਮਿਲਣਗੀਆਂ।ਉਨਾਂ ਕਿਹਾ ਕਿ ਇਸ ਕੰਪਲੈਕਸ ਦੀ ਉਸਾਰੀ 2014 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਕੰਪਲੈਕਸ ਦੇ ਦੋ ਵਿੰਗ ਹਨ ਜ਼ਿਸ ਵਿਚ ਇੱਕ ਸਿਵਲ ਅਤੇ ਦੂਜਾ ਪੁਲਿਸ ਦਾ ਵਿੰਗ ਹੈ।ਇਸ ਬਿਲਡਿੰਗ ਦਾ ਡਿਜ਼ਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਵਲੋਂ ਖਾਲਸਾ ਕਾਲਜ ਦੇ ਆਰਕੀਟੈਕਟ ਨੂੰ ਆਧਾਰ ਮੰਨਦੇ ਹੋਏ ਹੈਰੀਟੇਜ਼ ਦੀ ਦਿੱਖ ਤਹਿਤ ਤਿਆਰ ਕੀਤਾ ਗਿਆ ਹੈ ਅਤੇ ਇਸ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਦੇ ਦਫਤਰ ਤੋ ਇਲਾਵਾ 12 ਹੋਰ ਮਹਿਕਮੇ ਵੀ ਸ਼ਿਫਟ ਹੋਣਗੇ, ਜ਼ਿਨਾਂ੍ਹ ਵਿਚ ਸਿੱਖਿਆ, ਰੈਵੀਨਿਉ, ਐਕਸਾਈਜ਼ ਐਡ ਟੈਕਸ਼ੇਸ਼ਨ, ਜ਼ਿਲਾ੍ਹ ਅਟਾਰਨੀ, ਲੇਬਰ ਵਿਭਾਗ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਆਦਿ ਸ਼ਾਮਲ ਹਨ।ਲੋਕਾਂ ਦੀ ਸਹੂਲਤ ਲਈ ਗਰਾਊਂਡ ਫਲੋਰ ‘ਤੇ ਸੇਵਾ ਕੇਂਦਰ ਸਥਾਪਿਤ ਕੀਤਾ ਗਿਆ ਹੈ ਅਤੇ ਜੂਨ 2021 ਤੱਕ ਪੁਲਿਸ ਵਿੰਗ ਦਾ ਕੰਮ ਵੀ ਮੁਕੰਮਲ ਹੋ ਜਾਵੇਗਾ।
ਸੋਨੀ ਨੇ ਕਿਹਾ ਕਿ ਇਸ ਮੰਤਵ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਸੂਬੇ ਦੇ ਹਰੇਕ ਜ਼ਿਲੇ੍ਹ ਵਿੱਚ ਤੰਦਰੁਸਤ ਪੰਜਾਬ ਸਿਹਤ ਕੇਂਦਰ, ਨਵੇਂ ਪੁਲਸ ਥਾਣੇ ਅਤੇ ਤਹਿਸੀਲ ਕੰਪਲੈਕਸਾਂ ਆਦਿ ਦਾ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕੰਪਲੈਕਸ ਦਾ ਕੁੱਲ ਕਵਰਡ ਏਰੀਆ 6 ਲੱਖ 10 ਹਜ਼ਾਰ ਸਕੇਟਰ ਫੁੱਟ ਦੇ ਆਸ ਪਾਸ ਹੈ ਅਤੇ ਪਾਰਕਿੰਗ ਲਈ ਦੋ ਬੇਸਮੈਟਾਂ ਵੀ ਬਣਾਈਆਂ ਗਈਆਂ ਹਨ।ਬਿਲਡਿੰਗ ਵਿਚ ਇੱਕ ਵੱਡਾ ਮੀਟਿੰਗ ਹਾਲ, 2 ਵੀਡੀਓ ਕਾਨਫਰੰਸ ਰੂਮਾਂ ਦੀ ਵਿਵਸਥਾ ਵੀ ਕੀਤੀ ਗਈ ਹੈ।ਦੋ ਰਸਤਿਆਂ ਵਿਚੋਂ ਇਕ ਵੀ.ਆਈ.ਪੀ ਐਂਟਰੀ ਅਤੇ ਇਕ ਆਮ ਲੋਕਾਂ ਲਈ ਹੈ।ਉਨਾਂ੍ਹ ਦੱਸਿਆ ਕਿ ਕੰਪਲੈਕਸ ਵਿਚ 4 ਲਿਫਟਾਂ ਵੀ ਲਗਾਈਆਂ ਗਈਆਂ ਹਨ ਅਤੇ ਫਾਇਰ ਹਾਈਡਰੈਟ ਅਤੇ ਫਾਇਰ ਅਲਾਰਮ ਦੀ ਵਿਵਸਥਾ ਵੀ ਕੀਤੀ ਗਈ ਹੈ।
ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਮੁਲਾਜਮਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਗਿਆ।ਜਿਸ ਵਿੱਚ ਓਮ ਪ੍ਰਕਾਸ਼ ਸੋਨੀ, ਡਿਪਟੀ ਕਮਿਸ਼ਨਰ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਅਤੇ ਹੋਰ ਪਤਵੰਤਿਆਂ ਨੇ ਮੱਥਾ ਟੇਕ ਕੇ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿਲ, ਵਧੀਕ ਡਿਪਟੀ ਕਮਿਸ਼ਨਰ ਹਿੰਮਾਸ਼ੂ ਅਗਰਵਾਲ, ਐਸ.ਐਸ.ਪੀ ਦਿਹਾਤੀ ਧਰੁਵ ਦਹੀਆ, ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਕੋਮਲ ਮਿੱਤਲ, ਮੁੱਖ ਪ੍ਰਸ਼ਾਸਕ ਪੁਡਾ ਮੈਡਮ ਪੱਲਵੀ ਚੌਧਰੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਬੀਰ ਸਿੰਘ ਮੁੱਧਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਮੈਡਮ ਅਨਮਜੋਤ ਕੌਰ, ਐਕਸੀਅਨ ਜਸਬੀਰ ਸਿੰਘ ਸੋਢੀ, ਜੁਗਲ ਕਿਸ਼ੋਰ ਸ਼ਰਮਾ, ਮੈਡਮ ਮਮਤਾ ਦੱਤਾ, ਪ੍ਰਧਾਨ ਐਨ.ਐਸ.ਯੂ.ਆਈ ਅਕਸ਼ੈ ਸ਼ਰਮਾ ਤੋ ਇਲਾਵਾ ਹੋਰ ਪੰਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media