ਮੁਹਾਲੀ ਸਥਿਤ ਟੈਲੀਮੈਡੀਸਨ ਨਾਲ ਆਨਲਾਈਨ ਜੁੜੇ ਹਨ ਵੈਲਨੈਸ ਸੈਂਟਰ
ਕਪੂਰਥਲਾ, 25 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਕਪੂਰਥਲਾ ਦੇ 11 ਹੈਲਥ ਐਂਡ ਵੈਲਨੈਸ ਸੈਂਟਰਾਂ ਦਾ ਅੱਜ ਵਰਚੁਅਲ
ਉਦਘਾਟਨ ਹੋਇਆ।ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ, ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਕਮਲੇਸ਼ ਰਾਣੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਤੇ ਵਿਸ਼ਾਲ ਸੋਨੀ ਨੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਨਲਾਈਨ ਤਰੀਕੇ ਨਾਲ ਸਮਾਗਮ ਵਿੱਚ ਸ਼ਿਰਕਤ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਚ ਮੁੱਢਲੀਆਂ ਸਿਹਤ ਸਹੂਲਤਾਂ ਪਿੰਡ ਪੱਧਰ ਤੱਕ ਲੋਕਾਂ ਨੂੰ ਪਹੁੰਚਾਈਆਂ ਜਾਣਗੀਆਂ।ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਦੇ ਨਾਲ-ਨਾਲ ਮਲਟੀਪਰਪਜ਼ ਹੈਲਥ ਵਰਕਰ ਤੇ ਆਸ਼ਾ ਵਰਕਰ ਵੀ ਤਾਇਨਾਤ ਹਨ।ਇਹ ਵੈਲਨੈਸ ਸੈਂਟਰ ਈ-ਸੰਜੀਵਨੀ ਤਹਿਤ ਟੈਲੀਮੈਡੀਸਨ ਕੇਂਦਰ ਮੁਹਾਲੀ ਨਾਲ ਸਿੱਧੇ ਜੁੜੇ ਹਨ ਤਾਂ ਜੋ ਲੋੜ ਪੈਣ ’ਤੇ ਸਿਹਤ ਮਾਹਿਰਾਂ ਦੀ ਸਲਾਹ ਲਈ ਜਾ ਸਕੇ।ਇਨ੍ਹਾਂ ਹੈਲਥ ਐਂਡ ਵੈਲਨੈਸ ਸੈਂਟਰਾਂ ਵਿੱਚ ਇਲਾਜ਼ ਦੇ ਨਾਲ ਨਾਲ ਫਿਟਨੈਸ ਗਤੀਵਿਧੀਆਂ ਜਿਵੇਂ ਕਿ ਯੋਗਾ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਸਿਵਲ ਸਰਜਨ ਕਪੂਰਥਲਾ ਡਾ. ਸੀਮਾ ਨੇ ਦੱਸਿਆ ਬਲਾਕ ਕਾਲਾ ਸੰਘਿਆ ਦੇ ਅਹਿਮਦਪੁਰ, ਇਬਣ, ਕੇਸਰਪੁਰ ਤੇ ਜੱਲੋਵਾਲ, ਢਿਲਵਾਂ ਬਲਾਕ ਵਿੱਚ ਦਾਊਦਪੁਰ, ਮੁਰਾਰ, ਧੰਮ, ਹੰਬੋਵਾਲ ਤੇ ਬਾਗੜੀਆਂ ਅਤੇ ਬਲਾਕ ਪਾਂਸ਼ਟਾਂ ਦੇ ਮਹੇੜੂ ਅਤੇ ਚਹੇੜੂ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ੇ ਦਾ ਅੱਜ ਰਸਮੀ ਉਦਘਾਟਨ ਹੋਇਆ ਹੈ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਦਸਿਆ ਕਿ ਜਿਥੇ ਪਹਿਲਾਂ ਸਬ ਸੈਂਟਰਾਂ ਵਿਚ ਕੇਵਲ ਜੱਚਾ ਬੱਚਾ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ, ਹੁਣ ਉਥੇ ਹੀ ਇਨ੍ਹਾਂ ਨੂੰ ਹੈਲਥ ਐਂਡ ਵੈਲਨੈਸ ਸੈਂਟਰਾਂ ਵਿਚ ਅਪਗ੍ਰੇਡ ਕਰ ਕੇ ਗੈਰਸੰਚਾਰੀ ਰੋਗਾਂ ਦੀ ਸਕਰੀਨਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਸੈਂਟਰਾਂ ਵਿਚ ਟੈਸਟਾਂ ਤੇ ਇਲਾਜ਼ ਦੀ ਸਹੂਲਤ ਮੁਫਤ ਹੈ।
ਇਸ ਮੌਕੇ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਡੀ.ਡੀ.ਪੀ.ਓ ਲਖਵਿੰਦਰ ਸਿੰਘ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਸੰਦੀਪ ਖੰਨਾ, ਜੋਤੀ ਆਨੰਦ, ਰਵਿੰਦਰ ਜੱਸਲ ਵੀ ਹਾਜ਼ਰ ਸਨ।
Punjab Post Daily Online Newspaper & Print Media