Monday, June 16, 2025
Breaking News

ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਕਹਿਣ ‘ਤੇ ਮੁਆਫ਼ੀ ਮੰਗੇ

ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜਾ ਤੇ ਦਾਨੀ ਪੁਰਸ਼ ਕੋਈ ਨਹੀਂ ਹੋ ਸਕਦਾ

PPN31101426
ਅੰਮ੍ਰਿਤਸਰ 31 ਅਕਤੂਬਰ (ਗੁਰਪ੍ਰੀਤ ਸਿੰਘ) – ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਕਹਿਣ ‘ਤੇ ਮੁਆਫ਼ੀ ਮੰਗੇ।ਏਥੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਧਰਮ ਨਿਰਪੱਖ ਰਾਜਾ ਤੇ ਦਾਨੀ ਪੁਰਸ਼ ਹੋਰ ਕੋਈ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਜਿਹੜੇ ਪਾਕਿਸਤਾਨੀ ਲੇਖਕ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਕਹਿ ਰਹੇ ਹਨ ਉਨ੍ਹਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇਕ ਧਰਮ ਨਿਰਪੱਖ ਰਾਜਾ ਸੀ ਤੇ ਉਸ ਦੇ ਰਾਜ ਦਰਬਾਰ ਵਿੱਚ ਤੇ ਫੌਜ ਵਿੱਚ ਮੁਸਲਮਾਨ ਵੱਡੇ-ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਸਨ।ਉਨ੍ਹਾਂ ਨੇ ਮੁਸਲਮਾਨ ਅਧਿਕਾਰੀਆਂ ਨੂੰ ਵੱਡੀਆਂ-ਵੱਡੀਆਂ ਜਗੀਰਾਂ ਵੀ ਦੇ ਰੱਖੀਆਂ ਸਨ ਤੇ ਉਨ੍ਹਾਂ ਦੇ ਰਾਜ ਵਿੱਚ ਸਾਰੇ ਧਰਮ ਬਰਾਬਰ ਸਨ।
ਸ. ਬੇਦੀ ਨੇ ਕਿਹਾ ਕਿ ਉਨ੍ਹਾਂ ਨੂੰ ਅਖਬਾਰਾਂ ਵਿੱਚ ਕੀਤੇ ਖੁਲਾਸੇ ਕਿ ਪਾਕਿਸਤਾਨੀ ਲੇਖਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲੁਟੇਰਾ ਕਿਹਾ ਹੈ ਪੜ੍ਹ ਕੇ ਬਹੁਤ ਦੁੱਖ ਹੋਇਆ ਹੈ।ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੇਖਕ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸ ਨੂੰ ਦਾਗਦਾਰ ਕਰਨ ਲਈ ਤੁਲੇ ਹਨ ਜੋ ਸਰਾਸਰ ਗਲਤ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਇਕ ਕੁਸ਼ਲ ਸ਼ਾਸਕ ਸਨ ਤੇ ਉਨ੍ਹਾਂ ਦੇ ਸ਼ਾਸਨ ਕਾਲ ਸਮੇਂ ਹਿੰਦੂ, ਮੁਸਲਮਾਨ ਤੇ ਸਿੱਖ ਸਭ ਬਰਾਬਰ ਸਨ।ਉਨ੍ਹਾਂ ਕਿਹਾ ਕਿ ਉਹ ਗੁਰੂ ਘਰ ਦੇ ਅਨਿਨ ਸ਼ਰਧਾਵਾਨ ਸਿੱਖ ਸਨ ਤੇ ਜੋ ਵੀ ਚੀਜ਼ ਉਨ੍ਹਾਂ ਨੂੰ ਚੰਗੀ ਲਗਦੀ ਉਹ ਗੁਰੂ ਘਰ ਚੜ੍ਹਾ ਦਿੰਦੇ ਸਨ।ਮਹਾਰਾਜਾ ਰਣਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸੇਵਾ ਕਰਵਾਉਣ ਦੇ ਨਾਲ-ਨਾਲ ਹੋਰ ਵੀ ਵੱਡਮੁੱਲੀਆਂ ਸੇਵਾਵਾਂ ਕਰਵਾਈਆਂ।ਉਨ੍ਹਾਂ ਮੰਦਿਰਾਂ ਤੇ ਮਸਜਿਦਾਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਕੀਤਾ।ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੇਖਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਲੇਖਕ ਸਮਾਜ ਦਾ ਦਰਪਣ ਅਖਵਾਉਂਦੇ ਹਨ ਤੇ ਉਨ੍ਹਾਂ ਦੀ ਸਮਾਜ ਪ੍ਰਤੀ ਵੱਡੀ ਜੁੰਮੇਵਾਰੀ ਵੀ ਹੁੰਦੀ ਹੈ। ਹੱਕ ਸੱਚ ਲਈ ਕਲਮ ਦੀ ਵਰਤੋਂ ਹੋਵੇ ਤਾਂ ਸਵਾਗਤ ਯੋਗ ਹੈ, ਪਰ ਦੇਸ਼ਾਂ ਵਿੱਚ ਜਾਣ ਬੁੱਝ ਕੇ ਦੂਜੇ ਦੇਸ਼ ਸ਼ਾਸਕਾਂ ਤੇ ਸਤਿਕਾਰਤ ਸਖ਼ਸ਼ੀਅਤਾਂ ਬਾਰੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨੀ ਉਚਿੱਤ ਨਹੀਂ ਹੈ।ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਥਿਤ ਰਾਜਦੂਤ ਨੂੰ ਪੱਤਰ ਲਿਖ ਕੇ ਆਪਣਾ ਰੋਸ ਪ੍ਰਗਟ ਕਰਨਗੇ।ਉਨ੍ਹਾਂ ਪਾਕਿਸਤਾਨ ਵਿੱਚ ਵਸਦੇ ਸਿੱਖ ਵੀਰਾਂ ਨੂੰ ਇਸ ਕਾਰਵਾਈ ਦਾ ਸਖ਼ਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply