Wednesday, March 25, 2026

ਕਪੂਰਥਲਾ ਜਿਲ੍ਹੇ ਵਿੱਚ ਮਾਸ ਵੈਕਸੀਨੇਸ਼ਨ ਲਈ ਵੱਡੀ ਮੁਹਿੰਮ ਸ਼ੁਰੂ

100 ਤੋਂ ਜਿਆਦਾ ਥਾਵਾਂ, ਮਾਰਕੀਟਾਂ, ਦਾਣਾ ਮੰਡੀਆਂ ਵਿਚ ਵੀ ਲੱਗੇਗੀ ਵੈਕਸੀਨ

ਕਪੂਰਥਲਾ, 29 ਮਾਰਚ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕਰੋਨਾ ਦੀ ਰੋਕਥਾਮ ਲਈ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਵਿਆਪਕ ਕਰਨ ਤੇ ਲੋਕਾਂ ਨੂੰ ਵੈਕਸੀਨੇਸ਼ਨ ਦੀ ਸਹੂਲਤ ਬਿਲਕੁੱਲ ਨੇੜੇ ਪ੍ਰਦਾਨ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ‘ਸੁਪਰ ਸਪਰੈਡਰ’ ਦੀ ਸ਼੍ਰੇਣੀ ਵਿਚ ਆਉਂਦੇ ਕਿੱਤਿਆਂ ਨਾਲ ਸਬੰਧਿਤ ਵਿਅਕਤੀਆਂ ਨੂੰ ਤੇਜ਼ੀ ਨਾਲ ਵੈਕਸੀਨ ਲਗਾਈ ਜਾਵੇਗੀ।
                   ਇਸ ਤਹਿਤ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ ਸ੍ਰੀਮਤੀ ਕੰਵਰਦੀਪ ਕੌਰ ਵਲੋਂ ਵੱਖ-ਵੱਖ ਵਪਾਰ ਮੰੰਡਲਾਂ, ਦੁਕਾਨਦਾਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਹੋਟਲ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਤੋਂ ਇਲਾਵਾ ਸਬ ਡਿਵੀਜ਼ਨ ਪੱਧਰ ’ਤੇ ਸਮੂਹ ਐਸ.ਡੀ.ਐਮ ਵਲੋਂ ਵੀ ‘ਸੁਪਰ ਸਪਰੈਡਰ’ ਸ਼੍ਰੇਣੀ ਨਾਲ ਸਬੰਧਿਤ ਵਰਗਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।
                 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਤੇਜੀ ਨਾਲ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਗਲੇ 2 ਹਫਤਿਆਂ ਦੌਰਾਨ ਕੋਵਿਡ ਦੇ ਕੇਸ ਉਚ ਪੱਧਰ ’ਤੇ ਜਾਣ ਦਾ ਖਦਸ਼ਾ ਹੈ, ਜਿਸ ਲਈ ਸਭ ਤੋਂ ਅਹਿਮ ਵੈਕਸੀਨੇਸ਼ਨ ਵਿਚ ਤੇਜੀ ਲਿਆਉਣਾ ਹੈ।ਉਨ੍ਹਾਂ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਮੰਗਲਵਾਰ ਤੋਂ ਐਸੋਸੀਏਸ਼ਨਾਂ ਦੀ ਮੰਗ ਅਨੁਸਾਰ ਬਾਜ਼ਾਰਾਂ, ਮੰਡੀਆਂ ਤੇ ਹੋਰ ਜਨਤਕ ਥਾਵਾਂ ’ਤੇ ਵੈਕਸੀਨ ਸ਼ੁਰੂ ਕੀਤੀ ਜਾਵੇਗੀ।ਇਸ ਲਈ ਜਿਲ੍ਹੇ ਵਿਚ 100 ਥਾਵਾਂ ਦੀ ਚੋਣ ਕੀਤੀ ਗਈ ਹੈ, ਜਿਥੇ 45 ਸਾਲ ਤੋਂ ਉਪਰ ਦੀ ਉਮਰ ਵਰਗ ਦੇ ਲੋਕ ਆਪਣਾ ਕੋਈ ਵੀ ਫੋਟੋ ਸ਼ਨਾਖਤੀ ਕਾਰਡ ਦਿਖਾਕੇ ਵੈਕਸੀਨ ਲਗਵਾ ਸਕਦੇ ਹਨ।ਇਸ ਤੋਂ ਇਲਾਵਾ 2 ਮੋਬਾਇਲ ਵੈਕਸੀਨੇਸ਼ਨ ਯੂਨਿਟ ਵੀ ਸ਼ੁਰੂ ਕੀਤੇ ਜਾਣਗੇ ਜੋ ਕਿ ਕਪੂਰਥਲਾ ਤੇ ਫਗਵਾੜਾ ਵਿਖੇ ਵੈਕਸੀਨ ਲਗਾਉਣਗੇ।
                ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਾਮੀ ਖਰੀਦ ਸੀਜ਼ਨ ਦੇ ਮੱਦੇਨਜ਼ਰ ਮੰਡੀਆਂ ਵਿਚ ਵੱਡੀ ਗਿਣਤੀ ‘ਚ ਲੋਕ ਆਉਂਦੇ ਹਨ, ਜਿਸ ਕਰਕੇ ਆੜ੍ਹਤੀਆਂ, ਕਰਿੰਦਿਆਂ ਤੇ ਲੇਬਰ ਦੀ ਵੈਕਸੀਨੇਸ਼ਨ ਅਹਿਮ ਹੈ।ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਮਾਰਕੀਟ ਕਮੇਟੀਆਂ ਤੇ ਮੰਡੀਆਂ ਵਿਖੇ ਵਿਸ਼ੇਸ਼ ਸ਼ੈਸ਼ਨ ਲਗਾਕੇ ਵੈਕਸੀਨ ਕਰਵਾਈ ਜਾਵੇਗੀ।
                   ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਦੀਪ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ ਲਗਭਗ 15,000 ਲੋਕਾਂ ਨੂੰ ਵੈਕਸੀਨ ਲੱਗੀ ਹੈ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਈ ਹੈ।
               ਐਸ.ਐਸ.ਪੀ ਕਪੂਰਥਲਾ ਕੰਵਰਦੀਪ ਕੌਰ ਨੇ ਕਿਹਾ ਕਿ ਕਪੂਰਥਲਾ ਜਿਲ੍ਹਾ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ 11 ਜਿਲਿਆਂ ਵਿੱਚ ਹੈ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦੇ ਇਕੱਠ ਉਪਰ ਪੂਰਨ ਰੂਪ ਵਿੱਚ ਪਾਬੰਦੀ ਹੈ।ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਰ ਸਖਤੀ ਕੀਤੀ ਜਾਵੇਗੀ।
                   ਮੀਟਿੰਗ ਦੌਰਾਨ ਵੱਖ-ਵੱਖ ਐਸੋਸੀਏਸ਼ਨਾਂ ਵਲੋਂ ਜਿਲ੍ਹਾ ਤੇ ਪੁਲਿਸ ਪ੍ਰਸ਼ਾਸ਼ਨ ਦੀ ਮੁਹਿੰਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਹੁਲ ਚਾਬਾ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਐਸੋਸੀਏਸਨਾਂ ਦੇ ਪ੍ਰਧਾਨ ਤੇ ਨੁਮਾਇੰਦੇ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …