ਧਰਮ ਦਾ ਪ੍ਰਚਾਰ ਪ੍ਰਸਾਰ, ਵਿਦਿਆ ਦਾ ਉਭਾਰ ਤੇ ਲੋਕ ਭਲਾਈ ਕਾਰਜ ਹਨ ਬਜਟ ਤਰਜ਼ੀਹਾਂ
ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਹਜ਼ੂਰੀ ਵਿਚ ਹੋਏ ਬਜਟ ਇਜਲਾਸ ਦੌਰਾਨ ਸਾਲ 2021-2022 ਲਈ ਸ਼੍ਰੋਮਣੀ ਕਮੇਟੀ ਦਾ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਇਜਲਾਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ 86 ਮੈਂਬਰ ਹਾਜ਼ਰ ਸਨ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਉਨ੍ਹਾਂ ਆਪਣੇ ਬਜਟ ਭਾਸ਼ਣ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਰਾਖਵੀਂ ਰੱਖੀ ਗਈ ਰਾਸ਼ੀ ਦਾ ਵਿਸਥਾਰ ਦਿੱਤਾ ਅਤੇ ਆਮਦਨ ਦੇ ਸਰੋਤਾਂ ਦੇ ਨਾਲ ਹੋਣ ਵਾਲੇ ਖਰਚਿਆਂ ਦੀ ਤਫਸੀਲ ਸਾਂਝੀ ਕੀਤੀ। ਪਾਸ ਕੀਤੇ ਗਏ ਬਜਟ ਮੁਤਾਬਕ ਅਨੁਮਾਨਤ ਖਰਚਿਆਂ ਦੇ ਮੁਕਾਬਲਤਨ ਸਾਲ 2021-22 ਦੀ ਕੁਲ ਆਮਦਨ 8 ਅਰਬ 71 ਕਰੋੜ 93 ਲੱਖ 24 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਇਸ ਤਰ੍ਹਾਂ ਪਾਸ ਕੀਤੇ ਗਏ ਬਜਟ ਅਨੁਸਾਰ ਆਮਦਨ ਨਾਲੋਂ 40 ਕਰੋੜ 66 ਲੱਖ ਰੁਪਏ ਦੇ ਕਰੀਬ ਵੱਧ ਖਰਚਾ ਹੋਣ ਦਾ ਅੰਦਾਜ਼ਾ ਹੈ।
ਬਜਟ ਸਬੰਧੀ ਵੇਰਵੇ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਸਬੰਧੀ ਪਾਇਆ ਜਾਂਦਾ ਵੱਡਾ ਭੁਲੇਖਾ ਦੂਰ ਕਰਨ ਦਾ ਇਸ ਵਾਰ ਯਤਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਵੱਲੋਂ ਚੜ੍ਹਾਵੇ ਦੇ ਰੂਪ ਵਿਚ ਆਉਂਦੀ ਰਾਸ਼ੀ ਵਿੱਚੋਂ 30 ਫੀਸਦੀ ਦੇ ਕਰੀਬ ਵੱਖ-ਵੱਖ ਵਿਭਾਗਾਂ ਲਈ ਸ਼੍ਰੋਮਣੀ ਕਮੇਟੀ ਨੂੰ ਫੰਡ ਪ੍ਰਾਪਤ ਹੁੰਦੇ ਹਨ। ਪਰੰਤੂ ਬੀਤੇ ਸਮੇਂ ਦੌਰਾਨ ਇਹ ਰਾਸ਼ੀ ਮੁੜ ਆਮਦਨ ਦਾ ਹਿੱਸਾ ਬਣਾ ਦੇਣ ਨਾਲ ਬਜਟ ਵਿਚ ਵੱਡਾ ਅੰਤਰ ਪੈਦਾ ਹੋ ਗਿਆ। ਕਿਉਂਕਿ ਗੁਰਦੁਆਰਿਆਂ ਦੇ ਬਜਟ ਦੇ ਨਾਲ ਜਦੋਂ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦਾ ਬਜਟ ਪੇਸ਼ ਕੀਤਾ ਸੀ ਤਾਂ ਉਹ ਮੁੜ ਆਮਦਨ ਵਿਚ ਸ਼ਾਮਲ ਹੁੰਦਾ ਸੀ। ਇਸ ਵਾਰ ਇਸ ਨੂੰ ਦਰੁੱਸਤ ਕਰਦਿਆਂ ਬਜਟ ਪੇਸ਼ ਕੀਤਾ ਗਿਆ ਹੈ। ਭਾਵੇਂ ਕਿ ਇਸ ਨਾਲ ਪਹਿਲਾਂ ਪਾਸ ਕੀਤੇ ਜਾਂਦੇ ਰਹੇ ਬਜਟ ਤੋਂ ਇਸ ਵਾਰ ਦਾ ਬਜਟ ਘੱਟ ਹੈ, ਲੇਕਿਨ ਇਹ ਸੋਧ ਕਰਨੀ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਦੇ ਬਜਟ ਸੰਗਤ ਦੀ ਸ਼ਰਧਾ ’ਤੇ ਅਧਾਰਿਤ ਹੁੰਦੇ ਹਨ ਅਤੇ ਇਸ ਸਬੰਧ ਵਿਚ ਕੇਵਲ ਅਨੁਮਾਨਤ ਬਜਟ ਹੀ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੀਤੇ ਸਾਲ ਕੋਰੋਨਾ ਮਹਾਮਾਰੀ ਕਾਰਨ ਆਮਦਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਸੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਮਦਨ ਨਾਲੋਂ ਖਰਚੇ ਵਧੇਰੇ ਹਨ, ਜਿਨ੍ਹਾਂ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਸੰਗਤ ਨੂੰ ਪ੍ਰੇਰਣਾ ਕਰਨ ਦੇ ਨਾਲ-ਨਾਲ ਆਪਣੀਆਂ ਬੱਚਤਾਂ ਵਿੱਚੋਂ ਖਰਚ ਕਰੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਦੀ ਸੇਵਾ ਸੰਭਾਲ ਸੈਕਸ਼ਨ 85 ਤਹਿਤ ਕੀਤੀ ਜਾਂਦੀ ਹੈ, ਤੋਂ ਸਾਲ 2021-22 ਦੌਰਾਨ 6 ਅਰਬ 47 ਕਰੋੜ 25 ਲੱਖ ਰੁਪਏ ਤੋਂ ਆਮਦਨ ਦੀ ਸੰਭਾਵਨਾ ਹੈ, ਜਦਕਿ 6 ਅਰਬ 52 ਕਰੋੜ 37 ਲੱਖ ਰੁਪਏ ਖਰਚਿਆਂ ਦਾ ਅੰਦਾਜ਼ਾ ਹੈ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਤੋਂ ਇਸ ਸਾਲ 1 ਅਰਬ 89 ਕਰੋੜ 17 ਲੱਖ ਰੁਪਏ ਦੇ ਕਰੀਬ ਆਮਦਨ ਅਤੇ 2 ਅਰਬ 23 ਕਰੋੜ 18 ਲੱਖ ਰੁਪਏ ਦੇ ਲਗਭਗ ਖਰਚੇ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਬਜਟ ਵਿਚ ਘਾਟੇ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਫਿਲਹਾਲ 16 ਕਰੋੜ 55 ਲੱਖ ਰੁਪਏ ਦੇ ਕਰੀਬ ਰੱਖੇ ਗਏ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਨੂੰ ਲੀਹਾਂ ’ਤੇ ਲਿਆਂਦਾ ਜਾ ਸਕੇ। ਬੀਤੇ ਚਾਰ ਮਹੀਨਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਖਰਚਿਆਂ ਨੂੰ ਘਟਾਉਣ ਲਈ ਵੱਡੇ ਯਤਨ ਕੀਤੇ ਗਏ ਹਨ। ਇਸ ਦੇ ਨਾਲ ਹੀ ਸੰਗਤ ਨੂੰ ਵੱਖ-ਵੱਖ ਕਾਰਜ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਪ੍ਰੇਮੀ ਵੱਲੋਂ 9 ਕਰੋੜ ਤੋਂ ਵੱਧ ਭੇਟਾ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਵਿਚ ਪਾਈ ਗਈ ਹੈ। ਇਸੇ ਤਰ੍ਹਾਂ ਸੋਲਰ ਪਲਾਂਟ ਅਤੇ ਭਾਫ਼ ਵਿਧੀ ਦੁਆਰਾ ਲੰਗਰ ਤਿਆਰ ਕਰਨ ਲਈ ਵੀ ਸੰਗਤਾਂ ਸੇਵਾ ਕਰਵਾ ਰਹੀਆਂ ਹਨ। ਵੱਖ-ਵੱਖ ਹੋਰ ਸੇਵਾਵਾਂ ਲਈ ਵੀ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ।ਬੀਬੀ ਜਗੀਰ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟਾ ਕਰਨ ਵਾਲੀਆਂ ਸੰਗਤਾਂ ਨੂੰ ਟੈਕਸ ਤੋਂ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਸਨ, ਪਰੰਤੂ ਇਸੇ ਦੌਰਾਨ ਆਰਟੀਆਈ ਤਹਿਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਹਿਲਾਂ ਤੋਂ ਹੀ 1965 ਵਿਚ ਸ੍ਰੀ ਦਰਬਾਰ ਸਾਹਿਬ ਲਈ ਏਟੀਜੀ ਮਿਲ ਚੁੱਕੀ ਹੈ। ਇਸ ਤਹਿਤ ਹੁਣ ਸੰਗਤਾਂ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਬਜਟ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਜਾਹੋ-ਜਲਾਲ ਨਾਲ ਮਨਾਉਣ ਲਈ 14 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਲਈ 86 ਲੱਖ ਰੁਪਏ, ਭੇਟਾ ਰਹਿਤ ਗੁਰਮਤਿ ਸਾਹਿਤ ਛਪਵਾਉਣ ਸਮੇਤ ਧਾਰਮਿਕ ਪਰਚਿਆਂ ਅਤੇ ਧਾਰਮਿਕ ਪ੍ਰੀਖਿਆ ਪੱੱਤਰ ਵਿਹਾਰ ਕੋਰਸ, ਗੁਰਮਤਿ ਵਿਦਿਆਲਿਆਂ ਲਈ 27 ਕਰੋੜ 31 ਲੱਖ ਰੁਪਏ ਖਰਚੇ ਜਾਣਗੇ। ਹਾਲ ਹੀ ਵਿਚ ਸਥਾਪਿਤ ਕੀਤੀ ਗਈ ਲੜਕੀਆਂ ਦੀ ਖੇਡ ਅਕੈਡਮੀ ਲਈ 2 ਕਰੋੜ ਰੁਪਏ ਤੱਕ ਖਰਚ ਕਰਨ ਲਈ ਰਾਸ਼ੀ ਰੱਖੀ ਗਈ ਹੈ। ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ, ਧਾਰਮਿਕ, ਪੰਥਕ ਤੇ ਸਮਾਜ ਸੇਵੀ ਸੰਸਥਾਵਾਂ ਆਦਿ ਲਈ 9 ਕਰੋੜ 50 ਲੱਖ ਰੁਪਏ, ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫਿਆਂ ਲਈ 2 ਕਰੋੜ, ਬੱਚਿਆਂ ਨੂੰ ਪ੍ਰਤੀਯੋਗੀ ਮੁਕਾਬਲਿਆਂ ਰਾਹੀਂ ਗੁਰਮਤਿ ਨਾਲ ਜੋੜਨ ਲਈ 3 ਕਰੋੜ ਰੁਪਏ ਰਾਖਵੇਂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਦੇ ਪ੍ਰਚਾਰ ਪ੍ਰਸਾਰ ਲਈ ਵੀ ਬਜਟ ਵਿਚ ਖਾਸ ਹਿੱਸਾ ਰੱਖਿਆ ਗਿਆ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਨਵੀਆਂ ਪੁਸਤਕਾਂ ਛਪਵਾਉਣ ਲਈ ਵੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਧਰਮੀ ਫੌਜੀਆਂ ਲਈ 1 ਕਰੋੜ ਰੁਪਏ, ਧਰਮ ਅਰਥ ਫੰਡ ਲਈ 1 ਕਰੋੜ 80 ਲੱਖ ਰੁਪਏ ਹੋਣਗੇ। ਇਸੇ ਤਰ੍ਹਾਂ ਹੋਰ ਵੱਖ-ਵੱਖ ਕਾਰਜਾਂ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।
ਬਜਟ ਇਜਲਾਸ ਦੌਰਾਨ ਵੱਖ-ਵੱਖ ਮੈਂਬਰਾਂ ਨੇ ਕੀਤਾ ਸੰਬੋਧਨ
ਸ਼੍ਰੋਮਣੀ ਕਮੇਟੀ ਦੇ ਅੱਜ ਹੋਏ ਬਜਟ ਇਜਲਾਸ ਦੌਰਾਨ ਵੱਖ-ਵੱਖ ਮੈਂਬਰਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਬੀਬੀ ਜਗੀਰ ਕੌਰ ਨੇ ਹਰ ਮੈਂਬਰ ਨੂੰ ਬੋਲਣ ਦਾ ਮੌਕਾ ਦਿੱਤਾ, ਜਿਸ ’ਤੇ ਸਭ ਨੇ ਸੰਤੁਸ਼ਟੀ ਪ੍ਰਗਟ ਕੀਤੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਜਟ ਇਜਲਾਸ ਦੀ ਆਰੰਭਤਾ ਕਰਦਿਆਂ ਬੀਬੀ ਜਗੀਰ ਕੌਰ ਨੂੰ ਕਾਰਵਾਈ ਆਰੰਭ ਕਰਨ ਦਾ ਸੱਦਾ ਦਿੱਤਾ, ਜਿਸ ’ਤੇ ਕੁਝ ਮੈਂਬਰਾਂ ਨੇ ਬੋਲਣ ਦਾ ਸਮਾਂ ਮੰਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਜਟ ਪਾਸ ਕਰਨ ਮਗਰੋਂ ਜਿਹੜੇ ਵੀ ਮੈਂਬਰ ਬੋਲਣਾ ਚਾਹੁਣਗੇ, ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇਗਾ। ਬਜਟ ਪਾਸ ਹੋਣ ਮਗਰੋਂ ਮੁੱਖ ਸਕੱਤਰ ਨੇ ਵੱਖ-ਵੱਖ ਮੈਂਬਰਾਂ ਨੂੰ ਬੋਲਣ ਦਾ ਸੱਦਾ ਦਿੱਤਾ, ਜਿਸ ਤਹਿਤ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੁਖਦੇਵ ਸਿੰਘ ਭੌਰ, ਬਲਵਿੰਦਰ ਸਿੰਘ ਬੈਂਸ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਮਿੱਠੂ ਸਿੰਘ ਕਾਹਨੇਕੇ, ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਕਿਰਨਜੋਤ ਕੌਰ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੇ ਵੱਖ-ਵੱਖ ਸਿੱਖ ਮਸਲਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਜਟ ਦੀ ਸ਼ਲਾਘਾ ਕੀਤੀ। ਇਨ੍ਹਾਂ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਵਾਗਤ ਕਰਦਿਆਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ।
ਬਜਟ ਇਜਲਾਸ ਦੌਰਾਨ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ।
Punjab Post Daily Online Newspaper & Print Media