ਸਮੂਹ ਖ਼ਰੀਦ ਕੇਂਦਰਾਂ ਵਿਚ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ
ਨਵਾਂਸ਼ਹਿਰ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੂਬੇ ਵਿਚ ਕੋਵਿਡ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 10
ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਦੌਰਾਨ ਕੋਵਿਡ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਕਣਕ ਦੀ ਸੁਚੱਜੀ ਖ਼ਰੀਦ ਲਈ ਜ਼ਿਲ੍ਹੇ ਵਿਚ 53 ਖ਼ਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ 30 ਮੰਡੀਆਂ ਅਤੇ 23 ਵਾਧੂ ਯਾਰਡ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਸਾਰੇ ਖ਼ਰੀਦ ਕੇਂਦਰਾਂ ’ਤੇ ਕੋਵਿਡ ਤੋਂ ਬਚਾਅ ਸਬੰਧੀ ਲਗਾਤਾਰ ਜਾਗਰੂਕਤਾ ਪੈਦਾ ਕਰਦੇ ਰਹਿਣ, ਮਾਸਕ ਪਹਿਨਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ, ਸਾਫ਼-ਸਫ਼ਾਈ ਦਾ ਧਿਆਨ ਰੱਖਣ ਆਦਿ ਸਮੇਤ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਅਤੇ ਸਾਫ਼-ਸੁਥਰੀ ਕਣਕ ਹੀ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਕਿਸਾਨਾਂ ਅਤੇ ਲੇਬਰ ਸਮੇਤ ਮੰਡੀਆਂ ਵਿਚ ਆਉਣ ਅਤੇ ਕੰਮ ਕਰਨ ਦੌਰਾਨ ਹਰੇਕ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਮੂਹ ਮੰਡੀਆਂ ਵਿਚ ਬਾਰਦਾਨੇ, ਸਟੋਰੇਜ, ਲੇਬਰ, ਢੁਕਵੇਂ ਸ਼ੈੱਡ, ਪੀਣ ਵਾਲੇ ਪਾਣੀ, ਪਖਾਨਿਆਂ, ਰੋਸ਼ਨੀ, ਹੱਥ ਧੋਣ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਖ਼ਰੀਦ ਕੇਂਦਰਾਂ ਵਿਚ ਏਜੰਸੀਆਂ ਦੇ ਸਟਾਫ਼, ਲੇਬਰ ਅਤੇ ਟਰਾਂਸਪੋਰਟੇਸ਼ਨ ਨਾਲ ਸਬੰਧਤ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਐਸ.ਡੀ.ਐਮ ਬੰਗਾ ਵਿਰਾਜ ਤਿੜਕੇ, ਐਸ.ਡੀ.ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਚਰਨਜੀਤ ਸਿੰਘ ਵਾਲੀਆ ਤੋਂ ਇਲਾਵਾ ਖ਼ਰੀਦ ਪ੍ਰਕਿਰਿਆ ਨਾਲ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media