ਸਲਾਨਾ ਚੋਣ 18 ਅਪ੍ਰੈਲ ਨੂੰ, ਸਾਹਿਤਕਾਰਾਂ ਨੂੰ ਚੋਣ ਵਿੱਚ ਹਿੱਸਾ ਲੈਣ ਦੀ ਕੀਤੀ ਅਪੀਲ
ਸਮਰਾਲਾ, 12 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ ਸਮਰਾਲਾ ਦੀ ਮਾਸਿਕ ਇਕੱਤਰਤਾ ਸੀਨੀਅਰ ਵਾਈਸ ਪ੍ਰਧਾਨ ਕੁਲਵੰਤ ਸਿੰਘ ਤਰਕ ਦੀ ਪ੍ਰਧਾਨਗੀ
ਹੇਠ ਸਥਾਨ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਹੋਈ।ਮੰਚ ਦੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਇਕੱਤਰਤਾ ਵਿੱਚ ਸਭ ਤੋਂ ਪਹਿਲਾਂ ਕਿਰਤੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 300 ਤੋਂ ਉਪਰ ਸਾਥੀ ਜੋ ਅੰਦੋਲਨ ਦੀ ਹਮਾਇਤ ਕਰਦੇ ਹੋਏ ਸ਼ਹੀਦ ਹੋਏ, ਉਨ੍ਹਾਂ ਦੇ ਹੌਸਲੇ ਤੇ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਇਕੱਤਰਤਾ ਵਿੱਚ ਸ਼ਾਮਲ ਸਾਹਿਤਕਾਰਾਂ ਵਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਦੇ ਨਾਲ ਹੀ ਉਘੇ ਪੰਜਾਬੀ ਗਾਇਕ ਸਰਦੂਲ ਸਿਕੰਦਰ, ਪ੍ਰਿੰਸੀਪਲ ਤਰਸੇਮ ਬਾਹੀਆ, ਕੰਵਰ ਦੇਵਗਨ, ਪ੍ਰੋ. ਇੰਦੇ, ਫਨਕਾਰ ਸ਼ੌਕਤ ਅਲੀ, ਸਤੀਸ਼ ਕੌਲ ਅਤੇ ਬਾਬੂ ਸਿੰਘ ਚੌਹਾਨ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਇਸ ਉਪਰੰਤ ਇਕੱਤਰਤਾ ਵਿੱਚ ਹਾਜ਼ਰ ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ ਵਲੋਂ ਆਪਣੀਆਂ ਰਚਨਾਵਾਂ ਪੜ੍ਹ ਕੇ ਸੁਣਾਈਆਂ ਗਈਆਂ।ਨਰਿੰਦਰ ਮਣਕੂ ਨੇ ਗ਼ਜ਼ਲ ‘ਪਲਾਂ ਵਿੱਚ ਫੇਰ ਕੇ ਅੱਖਾਂ ਮਹਿਰਮ ਚਲਾ ਗਿਆ’, ਕਰਮਜੀਤ ਬਾਸੀ ਨੇ ‘ਸਨਮਾਨਾਂ ਦੀ ਲੋੜ ਨਹੀਂ’, ਥਿੰਦ ਪੰਜਾਬੀ ਨੇ ਟੱਪੇ ‘ਕੋਠੇ ‘ਤੇ ਆ ਮਾਹੀਆ’, ‘ਲਾਰਿਆਂ ਨਾਲ ਨਹੀਂ ਸਰਨਾ, ‘ਕੁੱਝ ਕਰਕੇ ਦਿਖਾ ਮਾਹੀਆ’ ਅਤੇ ਨਜ਼ਮ ‘ਕੀ ਕਿਹਾ ਕਿ ਕੁੱਝ ਕਹਿਣ ਨੂੰ ਨਾ ਰਿਹਾ?’, ਕੁਲਵੰਤ ਸਿੰਘ ਤਰਕ ਵਲੋਂ ‘ਦਲਿਤ ਲੋਕ’ (ਉਨ੍ਹਾਂ ਦੇ ਸਨਮਾਨ ਵਿੱਚ), ਭੁਪਿੰਦਰ ਸਿੰਘ ਡਿਊਟ ਵਲੋਂ ਲੇਖ ‘ਲੋਕ ਗੀਤ ਦਾ ਜਨਮ’, ਰਾਜਦੀਪ ਦਿਗਪਾਲ ਨੇ ਗੀਤ ‘ਦਿਲ ਐਸਾ ਚੰਦਰਾ ਬਣਿਆ, ਜਿਥੇ ਜਾਂਦਾ ਯਾਦਾਂ ਜੋੜ ਲੈਂਦਾ’ ਵਲੋਂ ਪੜ੍ਹ ਕੇ ਸੁਣਾਈਆਂ ਗਈਆਂ।ਹਾਜ਼ਰ ਸਾਥੀਆਂ ਵਲੋਂ ਇਨ੍ਹਾਂ ਰਚਨਾਵਾਂ ’ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ, ਸਾਹਿਤਕਾਰਾਂ, ਲੇਖਕਾਂ ਦੀਆਂ ਰਚਨਾਵਾਂ ਦੀਆਂ ਸ਼ਲਾਘਾ ਕਰਦੇ ਹੋਏ ਕੁੱਝ ਉਸਾਰੂ ਸੁਝਾਅ ਵੀ ਰੱਖੇ ਗਏ।ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਕਰਮਚੰਦ ਅਤੇ ਨਵਦੀਪ ਧਾਲੀਵਾਲ ਵੀ ਸ਼ਾਮਲ ਹੋਏ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਲੇਖਕ ਮੰਚ ਸਮਰਾਲਾ ਦੀ ਸਲਾਨਾ ਚੋਣ 18 ਅਪ੍ਰੈਲ 2021 ਨੂੰ ਸਵੇਰੇ 11 ਵਜੇ ਕੁਆਲਟੀ ਸਵੀਟਸ ਖੰਨਾ ਰੋਡ ਸਮਰਾਲਾ ਵਿਖੇ ਰੱਖੀ ਗਈ ਹੈ, ਇਸ ਚੋਣ ਵਿੱਚ ਨਵੇਂ ਤੇ ਪੁਰਾਣੇ ਸਾਥੀਆਂ, ਸਾਹਿਤਕਾਰਾਂ, ਲੇਖਕਾਂ ਨੂੰ ਸਮੇਂ ਸਿਰ ਸ਼ਾਮਲ ਹੋਣ ਦਾ ਪੁਰਜ਼ੋਰ ਸੱਦਾ ਦਿੱਤਾ ਗਿਆ।
ਮੀਟਿੰਗ ਦੀ ਕਾਰਵਾਈ ਰਾਜਵਿੰਦਰ ਸਮਰਾਲਾ ਵਲੋਂ ਚਲਾਈ ਗਈ ਅਤੇ ਅਖੀਰ ਵਿੱਚ ਕੁਲਵੰਤ ਸਿੰਘ ਤਰਕ ਨੇ ਆਏ ਸਾਹਿਕਾਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media