ਸਾਰੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨਾਂ ਦੇ ਦਰਵਾਜੇ ਬੰਦ ਹਨ – ਅਵਤਾਰ ਪੀ.ਪੀ
ਅੰਮ੍ਰਿਤਸਰ, 16 ਅਪ੍ਰੈਲ (ਸੰਧੂ) – ਅਣਗਿਣਤ ਨੌਜ਼ਵਾਨ ਸਵੇਰੇ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਵਿਖੇ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ
ਸਿੰਘ ਪੀ.ਪੀ ਕੋਲੋਂ ਖੇਡ ਅਭਿਆਸ ਦੀ ਮੁਹਾਰਤ ਹਾਸਲ ਕਰ ਰਹੇ ਹਨ। ਜਿਕਰਯੋਗ ਹੈ ਕਿ ਕੌਮਾਂਤਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਮਹਿਕਮਾ ਪੰਜਾਬ ਪੁਲਿਸ ਦੇ ਵਿੱਚ ਬਤੌਰ ਅਧਿਕਾਰੀ ਹੋਣ ਦੇ ਨਾਲ-ਨਾਲ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸੂਬਾ ਸਕੱਤਰ ਵੀ ਹਨ। ਉਹ ਜਿਥੇ ਖੁੱਦ ਜ਼ਮੀਨੀ ਪੱਧਰ ‘ਤੇ ਖੇਡ ਮੈਦਾਨ ਨਾਲ ਜੁੜ ਕੇ ਦਿਨ-ਰਾਤ ਆਪ ਅਭਿਆਸ ਕਰਕੇ ਕਈ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਵਿੱਚ ਸ਼ਮੂਲੀਅਤ ਕਰਦੇ ਹਨ, ਉਥੇ ਆਪਣੇ ਸਰਕਾਰੀ ਰੁਤਬੇ ਅਤੇ ਜ਼ਿੰਮੇਵਾਰੀ ਦੇ ਨਾਲ-ਨਾਲ ਟਾਈਮ ਕੱਢ ਕੇ ਵੱਖ-ਵੱਖ ਉਮਰ ਵਰਗ ਦੇ ਗਰੀਬ ਖਿਡਾਰੀਆਂ ਨੂੰ ਫ੍ਰੀ ਖੇਡ ਅਭਿਆਸ ਕਰਵਾਉਂਦੇ ਹਨ।
ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਚ ਤੇ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਸਵੇਰੇ ਸ਼ਾਮ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਖੇਤਰ ਨਾਲ ਜੁੜ ਕੇ ਖੁੱਦ ਸਿਹਤਯਾਬ ਤੇ ਸਿਹਤਮੰਦ ਸਮਾਜ ਦੀ ਸਿਰਜਨਾ ਲਈ ਪ੍ਰੇਰਨਾ ਦਿੰਦੇ ਹਨ।ਉਨ੍ਹਾਂ ਦੱਸਿਆ ਕਿ ਕਈ ਵਾਰੀ ਉਹ ਖੁੱਦ ਆਪਣੀ ਜ਼ੇਬ ਦੇ ਵਿੱਚੋਂ ਉਨ੍ਹਾਂ ਨੂੰ ਖੁਰਾਕ ਦੇਣ ਦੇ ਨਾਲ-ਨਾਲ ਕਈ ਹੋਰ ਪ੍ਰਕਾਰ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਹਨ।ਕੋਚ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ ਨੇ ਦੱਸਿਆ ਕਿ ਕੋਵਿਡ-19/ਕੋਰੋਨਾ ਮਹਾਮਾਰੀ ਦੇ ਦੂਜੇ ਗੇੜ ਦੇ ਚੱਲਦਿਆਂ ਮੁੜ ਤੋਂ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਖੇਡ ਮੈਦਾਨਾਂ ਦੇ ਦਰਵਾਜੇ ਬੰਦ ਹਨ।ਅਜਿਹੇ ਵਿੱਚ ਸੁਰੱਖਿਆ ਸਾਧਨਾਂ ਤੇ ਸਮਾਜਿਕ ਦੂਰੀ ਦੇ ਚੱਲਦਿਆਂ ਰਾਮ ਬਾਗ ਨੂੰ ਇਸ ਕਾਰਜ਼ ਲਈ ਚੁਣਿਆ ਗਿਆ ਹੈ।ਜੋ ਖੇਡ ਖੇਤਰ ਦੇ ਨਾਲ ਜੁੜਣ ਦੇ ਚਾਹਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ।ਇੱਥੇ ਖਿਡਾਰੀ ਦੌੜ ਭੱਜ ਤੇ ਸਰੀਰਕ ਕਸਰਤਾਂ ਵੀ ਕਰਦੇ ਹਨ।
Punjab Post Daily Online Newspaper & Print Media