ਵਪਾਰੀਆਂ ਨਾਲ ਮੀਟਿੰਗ ਕਰਕੇ ਮੰਗਿਆ ਸਹਿਯੋਗ
ਧੂਰੀ, 21 ਅਪ੍ਰੈਲ (ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਰਾਤ ਦੇ ਸਮੇਂ ਲਗਾਏ ਗਏ ਕਰਫਿਊ, ਵਿਆਹ-ਸ਼ਾਦੀਆਂ ਅਤੇ
ਹੋਰ ਸਮਾਰੋਹਾਂ ਵਿੱਚ ਘਟਾਈ ਗਈ ਗਿਣਤੀ ਅਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਵਰਗੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਥਾਣਾ ਸਿਟੀ ਧੂਰੀ ਦੇ ਮੁਖੀ ਦੀਪਇੰਦਰ ਸਿੰਘ ਜੇਜੀ ਵੱਲੋਂ ਵਪਾਰੀ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ।ਜਿਸ ਦੋਰਾਨ ਉਹਨਾਂ ਵੱਲੋਂ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਕੋਰੋਨਾ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਲਈ ਵਪਾਰੀ ਭਰਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ ਗਈ।ਉਹਨਾਂ ਦੁਕਾਨਦਾਰਾਂ ਨੂੰ ਨਵੀਂਆਂ ਹਦਾਇਤਾਂ ਅਨੁਸਾਰ ਹੀ ਕਾਰੋਬਾਰੀ ਅਦਾਰੇ ਖੋਲ੍ਹਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖਿਲਾਫ ਪੁਲਿਸ ਵੱਲੋਂ ਪੂਰੀ ਸਖਤੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਹਾਜ਼ਰ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਅਤੇ ਹੰਸ ਰਾਜ ਬਜਾਜ ਨੇ ਥਾਣਾ ਮੁਖੀ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਯਕੀਨ ਦਿਵਾਉਂਦਿਆਂ ਹੋਟਲਾਂ, ਢਾਬਿਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਲਈ ਇੱਕ ਘੰਟੇ ਦੀ ਰਾਹਤ ਮੰਗਦਿਆਂ ਰਾਤ ਦੇ 9 ਵਜੇ ਤੱਕ ਇਹ ਦੁਕਾਨਾਂ ਖੁੱਲ੍ਹੀਆਂ ਰੱਖਣ ਦੀ ਅਪੀਲ ਕੀਤੀ, ਪ੍ਰੰਤੂ ਥਾਣਾ ਮੁਖੀ ਦੀਪਇੰਦਰ ਸਿੰਘ ਜੇਜੀ ਨੇ ਵਪਾਰੀਆਂ ਨੂੰ ਆਪਣੀਆਂ ਮਜਬੂਰੀਆਂ ਅਤੇ ਲਾਅ ਐਂਡ ਆਰਡਰ ਦੀ ਪਾਲਣਾ ਤੋਂ ਜਾਣੂ ਕਰਵਾਉਂਦਿਆਂ ਆਪਣੇ ਪੱਧਰ ‘ਤੇ ਅਜਿਹਾ ਕੋਈ ਫੈਸਲਾ ਨਾ ਲੈ ਸਕਣ ਬਾਰੇ ਦੱਸਿਆ।ਥਾਣਾ ਮੁਖੀ ਨੇ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਵੀ ਵਪਾਰੀ ਜਾਂ ਦੁਕਾਨਦਾਰ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ ਬਲਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਵਾਉਣਾ ਉਹਨਾਂ ਦੀ ਮੁੱਢਲੀ ਡਿਊਟੀ ਹੈ। ਉਹਨਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਵਧਾਨੀਆਂ ਨਾਲ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਵਪਾਰੀ ਆਗੂ ਸੁਰੇਸ਼ ਬਾਂਸਲ, ਸੰਜੀਵ ਗੋਇਲ, ਰਾਜੇਸ਼ ਸਿੰਗਲਾ ਸ਼ੈਂਟੀ, ਵਿਜੈ ਕੁਮਾਰ, ਪਰਦੀਪ ਖੰਨਾਂ, ਵੇਦ ਪ੍ਰਕਾਸ਼, ਦੀਪਕ ਜੈਨ ਲਾਡੀ ਅਤੇ ਰਾਜੇਸ਼ ਖੰਨਾਂ ਆਦਿ ਹਾਜ਼ਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media