ਰਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਿੰ: (ਡਾ.) ਮਹਿਲ ਸਿੰਘ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਅੰਮ੍ਰਿਤਸਰ, 22 ਅਪ੍ਰੈਲ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਲੂਮਨੀ ਡਾ. ਅਰਵਿੰਦ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸਚਾਂਸਲਰ ਬਣਨ ’ਤੇ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ।ਛੀਨਾ ਨੇ ਵਿੱਦਿਆ ਨੂੰ ਸਮਰਪਿਤ ਅਜਿਹੀ ਸਖ਼ਸ਼ੀਅਤ ਦੇ ਵਾਇਸ ਚਾਂਸਲਰ ਬਣਨ ’ਤੇ ਕਾਲਜ ਲਈ ਇਕ ਮਾਣ ਵਾਲੀ ਗੱਲ ਦੱਸਿਆ।ਉਨ੍ਹਾਂ ਕਿਹਾ ਕਿ ਕਾਲਜ ਦੇ ਐਲੂਮਨੀ ਦੁਨੀਆਂ ਦੇ ਕੋਨੇ-ਕੋਨੇ ’ਚ ਨਾਮਵਰ ਅਹੁੱਦਿਆਂ ’ਤੇ ਬਿਰਾਜ਼ਮਾਨ ਹੋ ਕੇ ਅਤੇ ਉਚ ਬਿਜਨੈਸਮੈਨ ਵਜੋਂ ਆਪਣੀ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਡਾ. ਅਰਵਿੰਦ ਜੋ ਕਿ ਕਾਲਜ ਵਿਖੇ ਪ੍ਰੀ ਇੰਜੀਨੀਅਰਿੰਗ ਦੇ ਸਾਲ 1986 ’ਚ ਵਿਦਿਆਰਥੀ ਰਹੇ ਹਨ, ਫਿਜਿਕਸ ਦੇ ਖੇਤਰ ’ਚ ਇਕ ਨਾਮਵਰ ਵਿਦਵਾਨ ਹਨ।ਡਾ. ਅਰਵਿੰਦ ਨੇ ਕਾਲਜ ਦੇ ਨਾਲ-ਨਾਲ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ) ਕਾਨਪੁਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ ਵਰਗੀਆਂ ਉਚ-ਮਿਆਰੀ ਸੰਸਥਾਵਾਂ ਤੋਂ ਆਪਣੀ ਉਚੇਰੀ ਸਿੱਖਿਆ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਡਾ. ਅਰਵਿੰਦ ਪੇਂਡੂ ਪਿਛੋਕੜ ਵਾਲੇ ਵਿਦਵਾਨ ਅਧਿਆਪਕ ਹਨ ਇੰਨ੍ਹਾਂ ਦਾ ਪਿੰਡਾਂ ਦੀ ਉਚੇਰੀ ਸਿੱਖਿਆ ਸਬੰਧੀ ਵਿਸ਼ੇਸ਼ ਮੋਹ ਤੇ ਲਗਾਅ ਹੈ, ਇਹ ਸਾਇੰਸ ਐਜੂਕੇਸ਼ਨ ਨੂੰ ਆਪਣੀ ਖੇਤਰੀ ਮਾਤ ਭਾਸ਼ਾ ’ਚ ਦੇਣ ਦੇ ਮੁਦੱਈ ਰਹੇ ਹਨ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਡਾ. ਅਰਵਿੰਦ ਆਪਣੀ ਜ਼ਮੀਨ ਤੇ ਮਿੱਟੀ ਨਾਲ ਜੁੜੇ ਹੋਏ ਅਧਿਆਪਕ ਹਨ, ਇੰਨ੍ਹਾਂ ਦੀ ਸੋਚ ਤਾਂ ਆਕਾਸ਼ ਦੀਆਂ ਬੁਲੰਦੀਆਂ ਛੂਹਣ ਵਾਲੀ ਹੈ।ਪਰ ਇਹ ਆਪਣੇ ਪੈਰ ਸਦਾ ਆਪਣੀ ਜ਼ਮੀਨ ਜਾਂ ਹਕੀਕੀ ਸਥਿਤੀ ’ਤੇ ਟਿਕਾਈ ਰੱਖਦੇ ਹਨ।ਡਾ. ਮਹਿਲ ਸਿੰਘ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਵੇਂ ਪਿੱਛਲੇ ਸਮਿਆਂ ਤੋਂ ਕਈ ਵੱਡੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ, ਪਰ ਡਾ. ਅਰਵਿੰਦ ਵਰਗਾ ਸਪੱਸ਼ਟਵਾਦੀ, ਅਸੂਲਪ੍ਰਸਤ ਤੇ ਸੰਸਥਾ ਨੂੰ ਸਮਰਪਿਤ ਬਾਦਲੀਲ ਅਧਿਆਪਕ ਜ਼ਰੂਰ ਹੀ ਇਸ ਯੂਨੀਵਰਸਿਟੀ ਨੂੰ ਠੀਕ ਲੀਹਾਂ ’ਤੇ ਪਾ ਲਵੇਗਾ, ਕਿਉਕਿ ਡਾ. ਅਰਵਿੰਦ ਨੂੰ ਸੰਸਥਾ ਨੂੰ ਉਸਾਰਣ ਲਈ ਸਭ ਪਾਸਿਆਂ ਨਾਲ ਬਾਦਲੀਲ ਨਿਪਟਣਾ ਤੇ ਸਟੈਂਡ ਲੈਣਾ ਆਉਦਾ ਹੈ।ਇਸ ਕਰਕੇ ਗਵਰਨਿੰਗ ਕੌਂਸਲ ਤੇ ਇੱਥੋਂ ਦਾ ਸਟਾਫ਼ ਆਪਣੇ ਅਜਿਹੇ ਨਾਮਵਰ ਐਲੂਮਨੀ ਨੂੰ ਵਾਈਸਚਾਂਸਲਰ ਬਣਨ ’ਤੇ ਸ਼ੁਭ ਇੱਛਾਵਾਂ ਦਿੰਦਿਆਂ ਆਪਣੀ ਖੁਸ਼ੀ ਦਾ ਖੁਸ਼ੀ ਦਾ ਇਜ਼ਹਾਰ ਕਰਦਾ ਹੈ।
Punjab Post Daily Online Newspaper & Print Media