Wednesday, March 4, 2026

ਕੋਰੋਨਾ ਵਾਰਡ `ਚ ਮਰੀਜ਼ਾਂ ਦਾ ਹਾਲ ਪੁੱਛਣ ਗਏ ਮੈਂਬਰ ਪਾਰਲੀਮੈਂਟ ਔਜਲਾ

ਕਿਹਾ ਕੋਰੋਨਾ ਨਾਲ ਨਜਿੱਠਣ ਲਈ ਸਾਰੀਆਂ ਸਿਆਸੀ ਪਾਰਟੀਆਂ ਛੱਡਣ ਆਪਣੇ ਹਿੱਤ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਕੋਰੋਨਾ ਵਾਇਰਸ ਦੇ ਪੀੜਤਾਂ ਦਾ ਹਾਲ ਪੁੱਛਿਆ ਅਤੇ ਫਰੰਟਲਾਈਨ ਵਰਕਰ ਮੈਡੀਕਲ ਸਟਾਫ ਜਿਸ ਵਿੱਚ ਸੀਨੀਅਰ ਰੈਜ਼ੀਡੈਂਟ, ਡਾਕਟਰ, ਸਟਾਫ਼ ਨਰਸਾਂ ਦੀ ਹੌਸਲਾ ਅਫਜ਼ਾਈ ਕਰਕੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ।ਅਜੋਕੇ ਦੌਰ ਵਿੱਚ ਜਦੋਂ ਹਰ ਇਨਸਾਨ ਕੋਰੋਨਾ ਮਹਾਂਮਾਰੀ ਕਾਰਨ ਡਰ ਤੇ ਦਹਿਸ਼ਤ ਦੇ ਮਾਹੌਲ ਵਿੱਚੋਂ ਗੁਜ਼ਰ ਰਿਹਾ ਹੈ।ਅਜਿਹੇ ਦੌਰ ਵਿੱਚ ਮੈਂਬਰ ਪਾਰਲੀਮੈਂਟ ਵਲੋਂ ਹਸਪਤਾਲ ਦਾ ਦੌਰਾ ਕਰਕੇ ਕੋਰੋਨਾ ਵਾਰਡ ਵਿੱਚ ਪੀ.ਪੀ.ਈ ਕਿੱਟ ਪਾ ਕੇ ਜਾਣ ਨਾਲ ਪ੍ਰਸ਼ਾਸਨਿਕ ਤੇ ਸਿਵਲ ਅਧਿਕਾਰੀਆਂ ਦੇ ਹੌਂਸਲੇ ਬੁਲੰਦ ਹੋਏ ਹਨ।
                       ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਕੋਰੋਨਾ ਮਰੀਜ਼ਾਂ ਦਾ ਇਲਾਜ਼ ਕਰ ਰਹੇ ਸਟਾਫ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਮੂਹ ਮੈਡੀਕਲ ਸਟਾਫ ਪੂਰੀ ਤਨਦੇਹੀ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਇਸ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਮੈਡੀਕਲ ਸਟਾਫ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜਨਤਾ ਨੂੰ ਹਸਪਤਾਲ ਦੇ ਪ੍ਰਸਾਸ਼ਨ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਔਜਲਾ ਨੇ ਕਿਹਾ ਕਿ ਉਨ੍ਹਾਂ ਖੁਦ ਆ ਕੇ ਵੇਖਿਆ ਕਿ ਵਾਰਡ ਵਿਚ ਮਰੀਜ਼ਾਂ ਦੇ ਅਟੈਂਡੈਂਟ ਹਸਪਤਾਲ ਪਸ਼ਾਸ਼ਨ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ ਜੋ ਉਨ੍ਹਾਂ ਤੇ ਸਮਾਜ ਦੋਹਾਂ ਲਈ ਘਾਤਕ ਸਿੱਧ ਹੋ ਸਕਦਾ ਹੈ।
                  ਆਕਸੀਜਨ ਦੀ ਕਮੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਆਕਸੀਜਨ ਦੀ ਕਮੀ ਨਾਲ ਅਸੀਂ ਜੂਝ ਰਹੇ ਹਾਂ ਕਿਉਂਕਿ ਪੰਜਾਬ ਵਿੱਚ ਆਕਸੀਜਨ ਹਰਿਆਣਾ ਤੇ ਹਿਮਾਚਲ ਆਦਿ ਸੂਬਿਆਂ ਤੋਂ ਆਉਂਦੀ ਹੈ।ਪਰ ਇਸ ਦੇ ਬਾਵਜ਼ੂਦ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਆਪਣੇ ਫਰਜ਼ਾਂ ਦੀ ਅਦਾਇਗੀ ਕਰਦਿਆਂ ਲੋਕਾਂ ਤੱਕ ਲੋੜੀਂਦੀ ਆਕਸੀਜਨ ਮੁਹੱਈਆ ਕਰਵਾ ਰਹੇ ਹਨ।ਔਜਲਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਾਨੂੰ ਆਕਸੀਜਨ ਦੇ ਨਵੇਂ ਪਲਾਂਟ ਲਗਾਉਣੇ ਪੈਣਗੇ ਤੇ ਉਹ ਇਸ ਸਬੰਧੀ ਸਰਕਾਰ ਨਾਲ ਵੀ ਗੱਲਬਾਤ ਕਰਨਗੇ।
                   ਮੈਂਬਰ ਪਾਰਲੀਮੈਂਟ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਆਪਣੀ ਸਰਕਾਰ ਬਣਾਉਣ ਨਾਲੋਂ ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੀ ਚਿੰਤਾ ਵਧੇਰੇ ਕਰਨੀ ਚਾਹੀਦੀ ਸੀ ਤੇ ਕੇਂਦਰ ਸਰਕਾਰ ਦੀ ਅਣਗਹਿਲੀ ਕਾਰਨ ਕੋਰੋਨਾ ਦਾ ਵਿਕਰਾਲ ਰੂਪ ਸਾਹਮਣੇ ਆਇਆ ਹੈ।ਕੇਂਦਰ ਸਰਕਾਰ ਮਹਾਂਮਾਰੀ ਨਾਲ ਨਜਿੱਠਣ ਲਈ ਉਚੇਚੇ ਪ੍ਰਬੰਧ ਨਹੀਂ ਕਰ ਸਕੀ ਜੋ ਇਕ ਦੁਖਦਾਇਕ ਪਹਿਲੂ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਆਪਣੇ ਨਿਜੀ ਮੁਫ਼ਾਦ ਛੱਡ ਕੇ ਦੇਸ਼ ਤੇ ਲੋਕ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ ਹੈ।ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਆਕਸੀਜਨ ਦਾ ਕੋਟਾ ਘਟਾਉਣ ਦੀ ਵੀ ਨਿੰਦਾ ਕੀਤੀ।ਔਜਲਾ ਨੇ ਮਹਾਂਮਾਰੀ ਦੌਰਾਨ ਰਾਜਨੀਤੀ ਕਰਨ ਵਾਲਿਆਂ ਨੂੰ ਇਸ ਔਖੇ ਦੌਰ ਵਿਚ ਦੇਸ਼ ਦੇ ਲੋਕਾਂ ਨਾਲ ਖੜਨ ਲਈ ਵੀ ਆਖਿਆ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …