Tuesday, April 28, 2026

ਨਿੱਜੀ ਹਸਪਤਾਲ ‘ਚ ਹੋਈਆਂ ਮੌਤਾਂ ਦੀ ਜਾਂਚ ਲਈ ਗਠਿਤ ਕਮੇਟੀ 48 ਘੰਟਿਆਂ ‘ਚ ਦੇਵੇਗੀ ਰਿਪੋਰਟ – ਸੋਨੀ

ਦੋਸ਼ੀਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਨੂੰਨੀ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਨਿੱਜੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਹੋਣ ‘ਤੇ ਹੋਈਆਂ ਮੌਤਾਂ ਦੇ ਮਾਮਲੇ ‘ਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਜਾਂਚ ਲਈ ਪੀ.ਸੀ.ਐਸ ਅਧਿਕਾਰੀ ਰਜ਼ਤ ਉਬਰਾਏ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਕਮੇਟੀ 48 ਘੰਟਿਆਂ ਵਿੱਚ ਆਪਣੀ ਜਾਂਚ ਰਿਪੋਰਟ ਦੇਵੇਗੀ।ਡਾਕਟਰੀ ਸਿਖਿਆ ਤੇ ਖੋਜ਼ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਕੱਲ ਹੋਈ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਕਮੇਟੀ ਵਲੋਂ ਉਕਤ ਹਸਪਤਾਲ ਵਿੱਚ ਜਾਂਚ ਆਰੰਭ ਦਿੱਤੀ ਗਈ ਹੈ।ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
                    ਪ੍ਰਾਈਵੇਟ ਹਸਪਤਾਲ ‘ਚ ਹੋਈਆਂ 6 ਮੌਤਾਂ ‘ਤੇ ਗਹਿਰਾ ਦੁੱਖ ਦਾ ਇਜ਼ਹਾਰ ਕਰਦਿਆਂ ਕੈਬਨਿਟ ਮੰਤਰੀ ਸੋਨੀ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਆਕਸੀਜਨ ਦੀ ਕਮੀ ਬਾਰੇ ਰਾਤ ਨੂੰ ਵੀ ਉਨਾਂ ਦੇ ਧਿਆਨ ਵਿਚ ਲਿਆ ਦਿੰਦੇ ਤਾਂ ਅਸੀਂ ਅਜਿਹਾ ਕੁੱਝ ਨਾ ਹੁੰਦਾ।ਉਨਾਂ ਕਿਹਾ ਕਿ ਰਾਤ ਹੀ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅੰਮ੍ਰਿਤਸਰ ਦੇ ਇਕ ਹੋਰ ਨਿੱਜੀ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਆਈ ਸੀ, ਜਿਸ ਨੂੰ ਉਨਾਂ ਜਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਤ ਡੇਢ ਵਜੇ ਤੱਕ ਪੂਰਾ ਕਰਵਾ ਦਿੱਤਾ।ਇਸ ਬਾਬਤ ਅੱਧੀ ਰਾਤ ਤੱਕ ਮੁੱਖ ਸਕੱਤਰ ਪੰਜਾਬ ਦੇ ਨਾਲ ਉਨਾਂ ਦਾ ਫੋਨ ‘ਤੇ ਸੰਪਰਕ ਰਿਹਾ।ਉਨਾਂ ਦੀ ਸਾਡੀ ਕੋਸ਼ਿਸ਼ ਹੈ ਸਰਕਾਰੀ ਜਾਂ ਨਿੱਜੀ ਹਸਪਤਾਲ ‘ਚ ਦਾਖਲ ਹਰੇਕ ਮਰੀਜ਼ ਦੀ ਜਾਨ ਬਚਾਈ ਜਾਵੇ।ਸੋਨੀ ਨੇ ਕਿਹਾ ਕਿ ਰਾਤ ਉਕਤ ਹਸਪਤਾਲ ਵਿੱਚ ਜੋ ਵੀ ਹੋਇਆ ਉਸ ਵਿੱਚ ਪਹਿਲੀ ਨਜ਼ਰੇ ਹਸਪਤਾਲ ਪ੍ਰਬੰਧਕਾਂ ਦੀ ਅਣਗਿਹਲੀ ਮਹਿਸੂਸ ਹੋ ਰਹੀ ਹੈ।ਆਕਸੀਜਨ ਦੀ ਸਪਲਾਈ ਵਿਚ ਪੂਰੇ ਦੇਸ਼ ਦੀ ਤਰਾਂ ਇਥੇੇ ਵੀ ਵੱਡੀ ਕਮੀ ਹੈ ਅਤੇ ਕੇਵਲ ਮੈਡੀਕਲ ਲੋੜਾਂ ਹੀ ਪੂਰੀਆਂ ਹੋ ਰਹੀਆਂ ਹਨ।ਸਾਰੇ ਨਿੱਜੀ ਹਸਪਤਾਲਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਉਨਾਂ ਕੋਲ ਇਲਾਜ਼ ਲਈ ਸਾਧਨ ਪੂਰੇ ਨਹੀਂ ਤਾਂ ਉਹ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ਼ ਵਿੱਚ ਤਬਦੀਲ ਕਰ ਦੇਣ, ਉਥੇ ਉਨਾਂ ਕੋਲ 250 ਤੋਂ ਵੱਧ ਬੈਡ ਅਜੇ ਵੀ ਖਾਲੀ ਪਏ ਹਨ।
                    ਇਸੇ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਆਕਸੀਜਨ ਦੀ ਸਪਲਾਈ ‘ਤੇ ਚਿੰਤਾ ਜ਼ਾਹਿਰ ਕਰਦੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ।ਕਿਉਂਕਿ ਆਕਸੀਜਨ ਬਣਾਉਣ ਦਾ ਮੁੱਖ ਸਾਧਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਹੀ ਹੈ, ਜਿਥੋਂ ਸਾਰੇ ਦੇਸ਼ ਨੂੰ ਇਸ ਦੀ ਸਪਲਾਈ ਕੀਤੀ ਜਾ ਰਹੀ ਹੈ।
                   ਡਿਪਟੀ ਕਮਿਸ਼ਨਰ ਖਹਿਰਾ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਨਿੱਜੀ ਹਸਪਤਾਲ ਵਿੱਚ ਮਰੇ ਮਰੀਜ਼ਾਂ ਵਿਚੋਂ 4 ਕੋਰੋਨਾ ਅਤੇ 2 ਹੋਰ ਬਿਮਾਰੀਆਂ ਦੇ ਪੀੜ੍ਹਤ ਸਨ।ਹਸਪਤਾਲ ਕੋਲ ਸਟਾਕ ਵਿਚ 30 ਸਿਲੰਡਰ ਸਨ, ਪਰ ਉਹ 5 ਸਿਲੰਡਰਾਂ ਨਾਲ ਹੀ ਆਪਣਾ ਕੰਮ ਚਲਾ ਰਿਹਾ ਸੀ।ਉਨਾਂ ਕਿਹਾ ਕਿ ਹਸਪਤਾਲ ਦੀ ਵੱਡੀ ਅਣਗਿਹਲੀ ਇਹ ਹੈ ਕਿ ਇਸ ਨੇ ਆਕਸੀਜਨ ਦੀ ਕਮੀ ਵਰਗਾ ਗੰਭੀਰ ਮੁੱਦਾ ਉਨਾਂ ਨਾਲ ਸਾਂਝਾ ਤੱਕ ਨਹੀਂ ਕੀਤਾ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਚੱਲਦੇ ਆਕਸੀਜਨ ਪਲਾਟਾਂ ਤੋਂ ਸਨਅਤੀ ਸਪਲਾਈ ਸਖਤੀ ਨਾਲ ਰੋਕ ਦਿੱਤੀ ਹੈ ਅਤੇ ਸਪਲਾਈ ‘ਤੇ ਨਿਗ੍ਹਾ ਰੱਖਣ ਲਈ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਜੋ ਕਿ ਹਰੇਕ ਸਿਲੰਡਰ ਉਤੇ ਨਿਗ੍ਹਾ ਰੱਖ ਰਹੇ ਹਨ।ਖਹਿਰਾ ਨੇ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਨੂੰ ਕੇਵਲ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕਰ ਦਿੱਤਾ ਹੈ ਅਤੇ ਸਿਵਲ ਹਸਪਤਾਲ ਨੂੰ ਹੋਰ ਦੂਸਰੀਆਂ ਬਿਮਾਰੀਆਂ ਦੇ ਇਲਾਜ਼ ਲਈ ਵਰਤਿਆ ਜਾਵੇਗਾ।
                  ਮੀਟਿੰਗ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ ਤੇ ਇੰਦਰਬੀਰ ਸਿੰਘ ਬੁਲਾਰੀਆ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਮੁੱਖ ਪ੍ਰਸ਼ਾਸ਼ਕ ਪੁੱਡਾ ਸ੍ਰੀਮਤੀ ਪਲਵੀ ਚੌਧਰੀ, ਵਧੀਕ ਕਮਿਸ਼ਨਰ ਸੰਦੀਪ ਰਿਸ਼ੀ, ਰਜ਼ਤ ਉਬਰਾਏ, ਪ੍ਰਿੰਸੀਪਲ ਰਾਜੀਵ ਦੇਵਗਨ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ ਤੇ ਵਿਕਾਸ ਹੀਰਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਜ਼ੂਦਾ ਸੰਕਟ ‘ਤੇ ਵਿਚਾਰ-ਚਰਚਾ ਕਰਕੇ ਅਗਲੀ ਰੂਪ ਰੇਖਾ ਉਲੀਕੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …