ਸਿੱਖ ਜਗਤ ਵਿੱਚ ਭਰਨ-ਭੁਲੇਖੇ ਦੂਰ ਕਰਨ ਲਈ ਨਿਸ਼ਾਨ ਸਾਹਿਬ ਲਈ ਕੋਈ ਇੱਕ ਰੰਗ ਨਿਸਚਿਤ ਕੀਤਾ ਜਾਵੇ-ਰਾਣਾ

ਨਵੀਂ ਦਿੱਲੀ, 2 ਨਵੰਬਰ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣ, ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਪਤੱਰ ਲਿਖ ਕੇ ਉਨ੍ਹਾਂ ਦਾ ਧਿਆਨ ਸੰਸਾਰ ਭਰ ਵਿੱਚ ਸਥਾਪਤ ਗੁਰਦੁਆਰਾ ਸਾਹਿਬਾਨ ਪੁਰ ਝੂਲ ਰਹੇ ਨਿਸ਼ਾਨ ਸਾਹਿਬ ਵੱਲ ਦੁਆਉਂਦਿਆਂ ਲਿਖਿਆ ਹੈ ਕਿ ਇਨ੍ਹਾਂ ਦੇ ਰੰਗ ਭਾਵੇਂ ਕੇਸਰੀ ਦੱਸੇ ਜਾਂਦੇ ਹਨ, ਪ੍ਰੰਤੂ ਇਨ੍ਹਾਂ ਦੇ ਰੰਗਾਂ ਵਿੱਚ ਇਕਸਾਰਤਾ ਨਾ ਹੋਣ ਕਾਰਣ ਕਈ ਤਰ੍ਹਾਂ ਦੇ ਸੁਆਲ ਉਠਾਏ ਜਾਣ ਲੱਗੇ ਹਨ।ਕਈ ਹਲਕਿਆਂ ਵਲੋਂ ਤਾਂ ਇਥੋਂ ਤਕ ਕਿਹਾ ਜਾਣ ਲਗ ਪਿਆ ਹੈ ਕਿ ਨਿਸ਼ਾਨ ਸਾਹਿਬ ਲਈ ਸਿੱਖ ਧਰਮ ਦਾ ਮਾਨਤਾ ਪ੍ਰਾਪਤ ਰੰਗ ‘ਕੇਸਰੀ’ ਛੱਡ ਹਿੰਦੂਤਵੀ ਰੰਗ ‘ਭਗਵਾ’ ਅਪਨਾ ਲਿਆ ਗਿਆ ਹੈ।ਉਨ੍ਹਾਂ ਲਿਖਿਆ ਕਿ ਇਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਕਈ ਲੋਕਾਂ ਵਲੋਂ ਮੰਦ-ਭਾਵਨਾ ਅਧੀਨ ਸਿੱਖ ਜਗਤ ਵਿੱਚ ਕਈ ਤਰ੍ਹਾਂ ਦੇ ਭਰਨ-ਭੁਲੇਖੇ ਪੈਦਾ ਕੀਤੇ ਜਾਣ ਲਗ ਪਏ ਹਨ।
ਸ. ਰਾਣਾ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸਾਥੀ ਸਿੰਘ ਸਾਹਿਬਾਨ ਨਾਲ ਵਿਚਾਰ-ਵਟਾਂਦਰਾ ਕਰ ਸਿੱਖੀ ਦੀਆਂ ਮਾਨਤਾਵਾਂ ਦੇ ਆਧਾਰ ਤੇ ਗੁਰਦੁਆਰਾ ਸਾਹਿਬਾਨ ਤੇ ਝੂਲਣ ਵਾਲੇ ਨਿਸ਼ਾਨ ਸਾਹਿਬ ਲਈ ਕੋਈ ਇੱਕ ਰੰਗ ਨਿਸ਼ਚਿਤ ਕਰ ਪੰਥ ਦੇ ਨਾਂ ਆਦੇਸ਼ ਜਾਰੀ ਕਰਨ ਤਾਂ ਜੋ ਸਾਰੇ ਗੁਰਦੁਆਰਾ ਸਾਹਿਬਾਨ ਤੇ ਝੂਲਣ ਵਾਲੇ ਨਿਸ਼ਾਨ ਸਾਹਿਬ ਦੇ ਰੰਗ ਵਿੱਚ ਇੱਕਸਾਰਤਾ ਆ ਸਕੇ ਤੇ ਇਸ ਸਬੰਧੀ ਕਿਸੇ ਵਲੋਂ ਵੀ ਸਿੱਖ ਜਗਤ ਵਿੱਚ ਕਿਸੇ ਤਰ੍ਹਾਂ ਦੇ ਵੀ ਭਰਮ-ਭੁਲੇਖੇ ਪੈਦਾ ਨਾ ਕੀਤੇ ਜਾ ਸਕਣ।
Punjab Post Daily Online Newspaper & Print Media