Friday, April 24, 2026

ਸਰਕਾਰੀ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਲਈ ਬਾਦਲ ਤੇ ਕੈਪਟਨ ਜਿੰਮੇਵਾਰ – ਅਸ਼ੋਕ ਤਲਵਾਰ

ਮਹਾਂਮਾਰੀ ਨਾਲ ਲੜਨ ਲਈ ਸਰਕਾਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ, ਵੇਚਣ ਦੀ ਨਹੀਂ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ) – ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਮਾਮਲੇ ਅਤੇ ਦਸ਼ ਵਿੱਚੋਂ ਸਭ ਤੋਂ ਜਿਆਦਾ ਮੌਤ ਦਰ ਪੰਜਾਬ `ਚ ਹੋਣ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਾਇੰਟ ਸੈਕਟਰੀ ਅਸ਼ੋਕ ਤਲਵਾਰ ਨੇ ਕਿਹਾ ਕਿ ਇਹ ਸਭ ਪਿੱਛਲੇ ਤਿੰਨ ਦਹਾਕਿਆਂ `ਚ ਇੱਕ ਰਣਨੀਤੀ ਤਹਿਤ ਖਰਾਬ ਕੀਤਾ ਗਏ ਸਿਹਤ ਸੇਵਾਵਾਂ ਦੇ ਢਾਂਚੇ ਦਾ ਨਤੀਜਾ ਹੈ।ਸੂਬੇ ਵਿੱਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਲਈ ਪਿੱਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜ਼ੂਦਾ ਕੈਪਟਨ ਸਰਕਾਰ ਜਿੰਮੇਵਾਰ ਹੈ।
                     ਉਹਨਾ ਕਿਹਾ ਹੈ ਕਿ ਪੰਜਾਬ ਵਿੱਚ ਅੱਜ ਤੱਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ।ਸੂਬੇ ਦੇ ਲੋਕ ਇੱਕ ਪਾਰਟੀ ਦੀ ਸਰਕਾਰ ਤੋਂ ਦੁੱਖੀ ਹੋ ਕੇ ਦੂਜੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪਦੇ ਰਹੇ ਹਨ, ਪਰ ਕੈਪਟਨ ਅਤੇ ਬਾਦਲ ਨੇ ਨਿੱਜੀ ਹਸਪਤਾਲਾਂ ਨੂੰ ਵਧਾਉਣ ਦੇ ਚੱਕਰ ਵਿੱਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕਰ ਦਿੱਤਾ।ਜੇ ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਵਲੋਂ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਕੀ ਉਪਰਾਲੇ ਕੀਤੇ ਗਏ ਹਨ, ਇਸ ਦਾ ਜਵਾਬ ਕਾਂਗਰਸ ਦੇ ਆਗੂਆਂ ਕੋਲ ਨਹੀਂ ਹੈ।
                   ਤਲਵਾਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਬੇਹੱਦ ਖਰਾਬ ਹੈ।ਕੈਪਟਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਾਇਆ।ਜਿਹੜੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਵਿੱਚ ਵੀ ਸਾਧਨਾਂ ਅਤੇ ਮੈਡੀਕਲ ਸਟਾਫ ਦੀ ਘਾਟ ਹੈ।ਅੱਜ ਹਸਪਤਾਲਾਂ ਵਿੱਚ ਨਾ ਡਾਕਟਰ ਹਨ, ਨਾ ਚੰਗੀਆਂ ਲੈਬੋਰੇਟਰੀਆਂ ਹਨ, ਨਾ ਦਵਾਈਆਂ, ਨਾ ਆਕਸੀਜਨ ਅਤੇ ਨਾ ਹੀ ਵੈਂਟੀਲੇਟਰ।ਕੋਰੋਨਾ ਨੇ ਸੂਬੇ ਵਿਚਲੀ ਸਿਹਤ ਸੇਵਾਵਾਂ ਦੀ ਮਾੜੀ ਵਿਵਸਥਾ ਨੂੰ ਉਜਾਗਰ ਕਰ ਦਿੱਤਾ ਹੈ।ਅੱਜ ਪੰਜਾਬ ਵਿੱਚ ਪੂਰੇ ਦੇਸ਼ ਚੋਂ ਜਿਆਦਾ ਮੌਤ ਦਰ 2.8 ਫੀਸਦੀ ਹੈ।ਜਦੋਂ ਕਿ ਦਿੱਲੀ ਵਿੱਚ ਪੰਜਾਬ ਨਾਲੋਂ ਜਿਆਦਾ ਕੋਰੋਨਾ ਪੀੜਤ ਮਰੀਜ਼ ਅਤੇ ਸੰਘਣੀ ਵਸੋਂ ਹੋਣ ਦੇ ਬਾਵਜ਼ੂਦ ਉਥੇ ਮੌਤ ਦਰ 1.39 ਫੀਸਦੀ ਹੈ ਭਾਵ ਪੰਜਾਬ ਨਾਲੋਂ ਅੱਧੀ ਹੈ।
                  ਪਿੱਛਲੀ ਬਾਦਲ ਸਰਕਾਰ ਦੀ ਅਲੋਚਨਾ ਕਰਦਿਆਂ ਤਲਵਾਰ ਨੇ ਕਿਹਾ ਕਿ ਬਾਦਲ ਨੇ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਕੀਮਤੀ ਜਮੀਨ `ਤੇ ਨਿੱਜੀ ਹਸਪਤਾਲ ਬਣਾਏ।ਕੈਪਟਨ ਸਰਕਾਰ ਨੇ ਵੀ ਕਈ ਸਰਕਾਰੀ ਹਸਪਤਾਲਾਂ ਦੀ ਜ਼ਮੀਨ ਨਿੱਜੀ ਹਸਪਤਾਲਾਂ ਨੂੰ ਦੇ ਦਿੱਤੀ।
                ਤਲਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਹਤ ਸੇਵਾਵਾਂ ਨੂੰ ਚੰਗਾ ਬਣਾਉਣ ਲਈ ਤੁਰੰਤ ਵੱਡੀ ਸੰਖਿਆ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇ ਅਤੇ ਸਿਹਤ ਵਿਭਾਗ ਨੂੰ ਕੋੋਰੋਨਾ ਨਾਲ ਨਜਿੱਠਣ ਲਈ ਵਿਸ਼ਸ਼ ਬਜ਼ਟ ਜਾਰੀ ਕੀਤਾ ਜਾਵੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …