ਵਿਸ਼ਵ ਯੂਨੀਵਰਸਿਟੀ ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਦਾ ਕੀਤਾ ਐਲਾਨ
ਅੰਮ੍ਰਿਤਸਰ, 1 ਮਈ (ਗੁਰਪ੍ਰੀਤ ਸਿੰਘ) – ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਤੇ
ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਦੀ ਸਾਰੀ ਯਾਤਰਾ ਨੂੰ ਵੀਡੀਓ ਡਾਕੂਮੈਂਟਰੀ ਰਾਹੀਂ ਦੇਸ਼ ਵਿਦੇਸ਼ ਦੀ ਸੰਗਤ ਤੱਕ ਪਹੁੰਚਾਉਣ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ 5 ਭਾਸ਼ਾਵਾਂ ਵਿਚ ਛਪਵਾ ਕੇ ਸੰਗਤ ਅਰਪਣ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਾਨਵਤਾ ਲਈ ਵੱਡੇ ਪਰਉਪਕਾਰ ਵਾਲਾ ਹੈ, ਜਿਸ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਕ੍ਰਾਂਤੀਕਾਰੀ ਸੁਨੇਹਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕਿਸੇ ਦੂਸਰੇ ਧਰਮ ਅਤੇ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸ਼ਹਾਦਤ ਦੇਣੀ ਛੋਟੀ ਗੱਲ ਨਹੀਂ।ਬੀਬੀ ਜਗੀਰ ਕੌਰ ਨੇ ਆਖਿਆ ਕਿ ਗੁਰੂ ਸਾਹਿਬ ਜੀ ਦੇ ਸਮੁੱਚੇ ਜੀਵਨ ਸਫ਼ਰ ਅਤੇ ਵਿਚਾਰਧਾਰਾ ਨੂੰ ਸੰਗਤ ਤੱਕ ਆਧੁਨਿਕ ਮਾਧਿਅਮ ਰਾਹੀਂ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਦੀਆਂ ਦਸਤਾਵੇਜੀ ਫਿਲਮਾਂ ਵੀ ਤਿਆਰ ਕੀਤੀਆਂ ਜਾਣਗੀਆਂ।ਇਸ ਸਬੰਧ ਵਿਚ 12 ਫਿਲਮਾਂ ਦੀ ਸੂਚੀ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਕਾਰਜ ਨੂੰ ਸਿੰਘ ਸਾਹਿਬਾਨ ਦੀ ਪ੍ਰੇਰਣਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਦੌਰਾਨ ਬੀਬੀ ਜਗੀਰ ਕੌਰ ਨੇ ਇਹ ਐਲਾਨ ਵੀ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇਗਾ, ਤਾਂ ਜੋ ਵੱਖ-ਵੱਖ ਭਾਸ਼ਾਵਾਂ ਨੂੰ ਜਾਣਨ ਵਾਲੇ ਲੋਕ ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਝ ਸਕਣ।ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਇਕ ਚੇਅਰ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵਿਖੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੀ ਦੇਣ ਨੂੰ ਖੋਜ ਦਾ ਵਿਸ਼ਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਇਸ ਇਤਿਹਾਸਕ ਪੁਰਬ ਨੂੰ ਸਮਰਪਿਤ ਹੁੰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਨੌਜੁਆਨਾਂ ਲਈ ਆਈਏਐਸ, ਆਈਪੀਐਸ, ਪੀਸੀਐਸ ਤੇ ਐਨਡੀਏ ਦੀ ਤਿਆਰੀ ਲਈ ਪਟਿਆਲਾ ਵਿਖੇ ਪਹਿਲਾਂ ਹੀ ਕੇਂਦਰ ਸਥਾਪਤ ਕੀਤਾ ਜਾ ਚੁੱਕਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬੇਸ਼ੱਕ ਕੋਰੋਨਾ ਦੇ ਚੱਲਦਿਆਂ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵਿਸ਼ਾਲ ਪੱਧਰ ’ਤੇ ਨਹੀਂ ਕੀਤੇ ਜਾ ਸਕੇ, ਪ੍ਰੰਤ ਇਹ ਸਮਾਗਮ ਇਥੇ ਹੀ ਸਮਾਪਤ ਨਹੀਂ ਹੋਣਗੇ, ਸਗੋਂ ਸਾਰਾ ਸਾਲ ਜਾਰੀ ਰਹਿਣਗੇ।ਵਿਸ਼ਾਲ ਸਮਾਗਮ ਵੀ ਬਾਅਦ ਵਿਚ ਮਾਹੌਲ ਠੀਕ ਹੋਣ ਸਮੇਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤ ਆਪੋ ਆਪਣੇ ਘਰਾਂ ਅੰਦਰ ਗੁਰੂ ਸਾਹਿਬ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪਰਿਵਾਰਾਂ ਵਿਚ ਬੈਠ ਕੇ ਗੁਰੂ ਸਾਹਿਬ ਜੀ ਦੀ ਸਾਖੀਆਂ ਸਾਂਝੀਆਂ ਕਰਨ ਅਤੇ ਉਨ੍ਹਾਂ ਦੀ ਗੁਰਬਾਣੀ ਨਾਲ ਜੁੜਨ।ਬੀਬੀ ਜਗੀਰ ਕੌਰ ਨੇ ਕਿਹਾ ਕਿ ਪੂਰਾ ਸਾਲ ਵੱਖ-ਵੱਖ ਥਾਵਾਂ ’ਤੇ ਸਮਾਗਮ ਜਾਰੀ ਰਹਿਣਗੇ। ਉਨ੍ਹਾਂ ਨੇ ਸਮਾਗਮ ਦੌਰਾਨ ਪੁੱਜੀਆਂ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।
Check Also
ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ
ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …
Punjab Post Daily Online Newspaper & Print Media