Friday, November 22, 2024

ਅਫ਼ਗਾਨਿਸਤਾਨ ਦੇ 20 ਹਜ਼ਾਰ ਸ਼ਰਨਾਰਥੀਆਂ ਨੂੰ ਰਾਸ਼ਨ ਦੇਵੇਗਾ ਸਰਬਤ ਦਾ ਭਲਾ ਟਰੱਸਟ

ਈਦ ਤੋਂ ਪਹਿਲਾਂ ਪਹੁੰਚ ਜਾਵੇਗਾ ਪਹਿਲੇ ਮਹੀਨੇ ਦਾ ਰਾਸ਼ਨ – ਡਾ. ਓਬਰਾਏ

ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ ’ਚ ਆਪਣੀ ਜ਼ਿੰਦਗੀ ’ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ਦਿਨ-ਰਾਤ ਦੀਨ ਦੁੱਖੀਆਂ ਦੀ ਸੇਵਾ ’ਚ ਜੁੱਟੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਹੁਣ ਅਫ਼ਗਾਨਿਸਤਾਨ ਤੋਂ ਉਜੜ ਕੇ ਭਾਰਤ ਆਏ 20 ਹਜ਼ਾਰ ਦੇ ਕਰੀਬ ਸ਼ਰਨਾਰਥੀਆਂ ਨੂੰ ਤਿੰਨ ਮਹੀਨਿਆਂ ਲਈ ਸੁੱਕਾ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੇਣ ਦਾ ਫ਼ੈਸਲਾ ਕੀਤਾ ਹੈ।
                    ਟਰੱਸਟ ਦੇ ਮੁਖੀ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਦਿੱਲੀ ਦੀ ਸਮਾਜ ਸੇਵਿਕਾ ਨਵਿਤਾ ਸ੍ਰੀਕਾਂਤ ਰਾਹੀਂ ਅਫ਼ਗਾਨਿਸਤਾਨ ਦੀ ਅੰਬੈਸੀ ਨੇ ਸੰਪਰਕ ਕਰ ਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਅਫ਼ਗ਼ਾਨਿਸਤਾਨ ਤੋਂ ਉਜੜ ਕੇ ਭਾਰਤ ਆਏ ਕਰੀਬ 20 ਹਜ਼ਾਰ ਸ਼ਰਨਾਰਥੀਆਂ ਦੀ ਕੋਰੋਨਾ ਮਹਾਂਮਾਰੀ ਕਾਰਨ ਤਰਸਯੋਗ ਹਾਲਤ ਬਣੀ ਹੋਈ ਹੈ ਅਤੇ ਕੋਈ ਕੰਮਕਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਇਸ ਵੇਲੇ ਰਾਸ਼ਨ ਅਤੇ ਮੈਡੀਕਲ ਨਾਲ ਸਬੰਧਤ ਸਾਮਾਨ ਦੀ ਸਖ਼ਤ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਅੰਬੈਸੀ ਦੀ ਇਸ ਮੰਗ ਨੂੰ ਤੁਰੰਤ ਪੂਰੀ ਕਰਦਿਆਂ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਕਤ ਸਾਰੇ ਸ਼ਰਨਾਰਥੀਆਂ ਨੂੰ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਤਿੰਨ ਮਹੀਨੇ ਤੱਕ ਸੁੱਕਾ ਰਾਸ਼ਨ ਅਤੇ ਲੋੜੀਂਦਾ ਮੈਡੀਕਲ ਨਾਲ ਸਬੰਧਤ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
                 ਡਾ. ਓਬਰਾਏ ਨੇ ਦੱਸਿਆ ਕਿ ਇਸ ਸਬੰਧੀ ਅੱਜ ਅਫ਼ਗਾਨਿਸਤਾਨ ਦੇ ਅੰਬੈਸਡਰ ਫ਼ਰੀਦ ਮਾਮੰਦਜ਼ਈ ਨਾਲ ਹੋਈ ਜੂਮ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵਲੋਂ ਦਿੱਲੀ, ਪੂਨਾ, ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ’ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਹਰ ਮਹੀਨੇ 30 ਕਿੱਲੋ ਸੁੱਕਾ ਰਾਸ਼ਨ ਦਿੱਤਾ ਜਾਵੇਗਾ।ਰਾਸ਼ਨ ਦੀ ਇੱਕ ਕਿੱਟ ’ਚ 15 ਕਿੱਲੋ ਆਟਾ, 5 ਕਿੱਲੋ ਚਾਵਲ, 3 ਕਿੱਲੋ ਦਾਲ, 3 ਕਿਲੋ ਖੰਡ, 2 ਕਿੱਲੋ ਨਿਊਟਰੀ ਅਤੇ 2 ਲੀਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਿਲ ਹੋਵੇਗਾ।ਰਾਸ਼ਨ ਤੋਂ ਮੈਡੀਕਲ ਦੇ ਸਾਮਾਨ ਤੇ ਟਰੱਸਟ ਦਾ ਕੁੱਲ 2 ਕਰੋਡ ਰੁਪਏ ਖਰਚ ਆਵੇਗਾ।ਉਨ੍ਹਾਂ ਇਹ ਵੀ ਦੱਸਿਆ ਹੈ ਕਿ ਪਹਿਲੇ ਮਹੀਨੇ ਦਾ ਰਾਸ਼ਨ ਈਦ ਤੋਂ ਪਹਿਲਾਂ-ਪਹਿਲਾਂ ਪ੍ਰਭਾਵਿਤ ਸ਼ਰਨਾਰਥੀਆਂ ਕੋਲ ਪਹੁੰਚ ਜਾਵੇਗਾ, ਜਦ ਕਿ ਲੋੜੀਂਦਾ ਮੈਡੀਕਲ ਦਾ ਸਾਮਾਨ ਕੱਲ੍ਹ ਹੀ ਪੁੱਜਦਾ ਕਰ ਦਿੱਤਾ ਜਾਵੇਗਾ।ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਅੰਬੈਸੀ ਨੂੰ ਇਹ ਵੀ ਵਿਸਵਾਸ਼ ਦਿਵਾਇਆ ਹੈ ਕਿ ਜੇਕਰ ਭਵਿੱਖ ’ਚ ਵੀ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰੱਸਟ ਉਨ੍ਹਾਂ ਦਾ ਸਾਥ ਦੇਵੇਗਾ।
               ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਡਾ. ਓਬਰਾਏ ਵਲੋਂ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਤੋਂ ਇਲਾਵਾ ਪੂਰੀ ਦੁਨੀਆਂ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਪਰਉਪਕਾਰਾਂ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅੰਬੈਸਡਰ ਫ਼ਰੀਦ ਮਾਮੰਦਜ਼ਈ ਨੇ ਕਿਹਾ ਕਿ ਕਿਸੇ ਭੁੱਖੇ ਦੇ ਢਿੱਡ ’ਚ ਦਾਣਾ ਪਾਉਣਾ ਸਭ ਤੋਂ ਵੱਡਾ ਪਰਉਪਕਾਰ ਹੈ।ਉਨ੍ਹਾਂ ਇਹ ਵੀ ਕਿਹਾ ਕਿ ਮਹੌਲ ਠੀਕ ਹੋਣ ਉਪਰੰਤ ਪਟਿਆਲੇ ਆ ਕੇ ਡਾ. ਓਬਰਾਏ ਨੂੰ ਨਿੱਜੀ ਤੌਰ ‘ਤੇ ਮਿਲਣਾ ਉਨ੍ਹਾਂ ਦੀ ਦਿਲੀ ਇੱਛਾ ਹੈ।
ਇਸ ਮੀਟਿੰਗ ਦੌਰਾਨ ਉਪਰੋਕਤ ਤੋਂ ਇਲਾਵਾ ਟਰੱਸਟ ਦੇ ਮੈਂਬਰ ਰਵਿੰਦਰ ਸਿੰਘ ਰੌਬਿਨ ਵੀ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …