Monday, April 27, 2026

ਪਿੰਗਲਵਾੜਾ ਵਿਖੇ ਕੋਵਿਡ ਵਾਰਡ ਦੀ ਸਥਾਪਨਾ

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ) – ਪਿੰਗਲਵਾੜਾ ਸਥਿਤ ਭਾਈ ਪਿਆਰਾ ਸਿੰਘ ਵਾਰਡ ਵਿਖੇ ਇਕ ਕਰੋਨਾ ਵਾਰਡ ਦਾ ਉਦਘਾਟਨ ਕੀਤਾ ਗਿਆ ਹੈ।ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਰੋਨਾ ਦੀ ਗੰਭੀਰ ਹਾਲਤ ਕਾਰਨ ਗਰੀਬ ਆਦਮੀ ਇਸ ਬਿਮਾਰੀ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਘਬਰਾ ਗਿਆ ਹੈ।ਲਗਾਤਾਰ ਆਕਸੀਜਨ ਦਾ ਲੈਵਲ ਡਿੱਗਣ ਕਾਰਨ ਉਨ੍ਹਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ।ਵੱਡੇ-ਵੱਡੇ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ਵਿਚ ਪੂਰੀ ਤਰ੍ਹਾਂ ਆਕਸੀਜਨ ਅਤੇ ਦਵਾਈਆਂ ਦਾ ਪੂਰਾ ਬੰਦੋਬਸਤ ਨਾ ਹੋਣ ਕਾਰਨ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
                       ਪਿੰਗਲਵਾੜੇ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੀਮਾਰੀ ਦੇ ਸ਼ੁਰੂਆਤੀ ਦੌਰ ਵਿਚ ਹੀ ਬਿਮਾਰਾਂ ਨੂੰ ਦਵਾਈਆਂ ਅਤੇ ਆਕਸੀਜਨ ਲਗਾ ਕੇ ਉਨ੍ਹਾਂ ਨੂੰ ਸਟੇਬਲ ਕਰਕੇ ਘਰ ਅੰਦਰ ਰਹਿ ਕੇ ਠੀਕ ਹੋਣ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਥਾਂ ਦਵਾਈਆਂ ਅਤੇ ਆਕਸੀਜਨ ਬਿਲਕੁਲ ਮੁਫਤ ਦਿਤੀ ਜਾਵੇਗੀ।ਇਸ ਮੰਤਵ ਲਈ ਖਾਲਸਾ ਏਡ ਵੱਲੋਂ 2 ਆਕਸੀਜਨ ਕੰਸਨਟਰੇਟਰ ਦਿੱਤੇ ਗਏ ਹਨ।ਇਸ ਤੋਂ ਇਲਾਵਾ ਕਈ ਹੋਰ ਸੰਸਥਾਵਾਂ ਵਲੋਂ ਸਹਿਯੋਗ ਮਿਲਣ ਦੀ ਆਸ ਹੈ।ਇਸ ਵਾਰਡ ਵਿੱਚ 20 ਬੈਡਾਂ ਦਾ ਬੰਦੋਬਸਤ ਕੀਤਾ ਗਿਆ ਹੈ ਅਤੇ ਇਸ ਥਾਂ ਕਰੋਨਾ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਵੇਗਾ।
                    ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਪਿੰਗਲਵਾੜੇ ਵਲੋਂ ਸ਼ਹਿਰ ਦੇ ਲੋਕਾਂ ਵਾਸਤੇ ਸਸਕਾਰ ਕਰਨ ਦੀ ਸਹੂਲਤ ਵਾਸਤੇ ਇਕ ਐਂਬੂਲੈਂਸ ਹਮੇਸ਼ਾਂ ਮੁੱਖ ਦਫਤਰ ਪਿੰਗਲਵਾੜਾ ਵਿਚ ਤਿਆਰ ਰੱਖੀ ਜਾਵੇਗੀ।ਇਸ ਦਾ ਸੰਪਰਕ ਨੰ. 97814-01140, 0183-2584713 ਅਤੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ ਪਿੰਗਲਵਾੜਾ (98145-35937 ਹੋਣਗੇ)।ਇਹ ਸੇਵਾ ਭੇਟਾ ਰਹਿਤ ਹੋਵੇਗੀ।ਇਸ ਵਾਰਡ ਵਾਸਤੇ ਡਾਕਟਰਾਂ ਦੀ ਟੀਮ ਜਿਵੇਂ ਡਾ. ਤੇਜਪਾਲ ਸਿੰਘ, ਡਾ. ਦੀਪਤੀ, ਡਾ. ਕਰਨਜੀਤ ਸਿੰਘ, ਡਾ. ਜਗਤੇਸ਼ ਸਿੰਘ ਆਦਿ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
                   ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਟਰੱਸਟੀ, ਰਵਿੰਦਰਜੀਤ ਸਿੰਘ ਸੋਢੀ ਵਾਈਸ ਪ੍ਰਧਾਨ ਪਿੰਗਲਵਾੜਾ ਅੰਟਾਰੀਓ ਕਨੇਡਾ, ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ ਆਦਿ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …