Sunday, September 27, 2026

ਸ਼੍ਰੋਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੈਡੀਕਲ ਵਾਰਡ ਸਥਾਪਿਤ

50 ਬੈਡਾਂ ਵਾਲੇ ਸੈਂਟਰ ਵਿੱਚ ਆਕਸੀਜਨ ਦਾ ਪ੍ਰਬੰਧ ਤੇ ਮੈਡੀਕਲ ਟੀਮਾਂ ਤਾਇਨਾਤ

ਤਲਵੰਡੀ ਸਾਬੋ, 8 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਕਾਲ ਵਿਚ ਮਾਨਵਤਾ ਦੀ ਸੇਵਾ ਲਈ ਇਕ ਕਦਮ ਹੋਰ ਪੁੱਟਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕੋਰੋਨਾ ਕੇਅਰ ਕੇਂਦਰ ਖੋਲ੍ਹ ਦਿੱਤਾ ਹੈ।ਇਸ ਤੋਂ ਪਹਿਲਾਂ ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅਜਿਹਾ ਕੇਂਦਰ ਖੋਲ੍ਹਿਆ ਜਾ ਚੁੱਕਾ ਹੈ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਅੱਜ ਖੋਲ੍ਹੇ ਗਏ 50 ਬੈੱਡਾਂ ਵਾਲੇ ਕੇਂਦਰ ਵਿਚ ਆਕਸੀਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਮੈਡੀਕਲ ਟੀਮਾਂ ਵੀ ਤਾਇਨਾਤ ਰਹਿਣਗੀਆਂ।
                     ਕੋਵਿਡ ਕੇਅਰ ਕੇਂਦਰ ਦਾ ਉਦਘਾਟਨ ਕਰਨ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਸਨ।ਜਿਨ੍ਹਾਂ ਨੇ ਸਿੱਖ ਸੰਸਥਾ ਦੇ ਮਾਨਵ ਭਲਾਈ ਕਾਰਜ਼ਾਂ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
                ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਜਮਾਤ ਹੈ ਅਤੇ ਇਹ ਲੋਕ ਹਿੱਤਕਾਰੀ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਮੌਜੂਦਾ ਕੋਰੋਨਾ ਦੇ ਦੌਰ ਵਿਚ ਹਰ ਤਰ੍ਹਾਂ ਲੋੜਵੰਦਾਂ ਨਾਲ ਖੜ੍ਹਦਿਆਂ ਆਪਣਾ ਫ਼ਰਜ਼ ਬਾਖੂਬੀ ਨਿਭਾਅ ਰਹੀ ਹੈ।ਵੱਖ-ਵੱਖ ਥਾਵਾਂ ’ਤੇ ਕੋਵਿਡ ਕੇਅਰ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।ਇਨ੍ਹਾਂ ਕੇਂਦਰਾਂ ਵਿਚ ਕੰਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੁਫ਼ਤ ਟੀਕਾਕਰਣ ਕਰ ਰਹੀ ਹੈ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ ਦਾ ਵੀ ਪ੍ਰਬੰਧ ਕਰ ਲਿਆ ਹੈ ਅਤੇ ਪੰਜਾਬ ’ਚ ਸਥਾਪਿਤ ਕੀਤੇ ਜਾ ਰਹੇ ਕੋਵਿਡ ਕੇਅਰ ਕੇਂਦਰਾਂ ਲਈ ਆਕਸੀਜਨ ਕੰਸਨਟਰੇਟਰ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਹਨ।ਸਿੱਖ ਸੰਸਥਾ ਦਾ ਮੰਤਵ ਕੋਰੋਨਾ ਦੌਰਾਨ ਲੋਕਾਂ ਨੂੰ ਸੇਵਾਵਾਂ ਦੇ ਕੇ ਰਾਹਤ ਪ੍ਰਦਾਨ ਕਰਨਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਲਈ ਵੀ ਯਤਨਸ਼ੀਲ ਹੈ ਅਤੇ ਆਸ ਹੈ ਕਿ ਇਸ ਵਿਚ ਜਲਦ ਕਾਮਯਾਬੀ ਮਿਲੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕੇਅਰ ਕੇਂਦਰਾਂ ਵਿਚ ਹਾਲਾਤ ਆਮ ਵਾਂਗ ਹੋਣ ਤੱਕ ਸੇਵਾਵਾਂ ਜਾਰੀ ਰਹਿਣਗੀਆਂ।
                           ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਵਾਰਡ ਸਥਾਪਿਤ ਕਰ ਕੇ ਆਕਸੀਜਨ ਦੇ ਲੰਗਰ ਲਗਾਉਣ ਦੀ ਸ਼ਲਾਘਾ ਕਰਦਿਆਂ ਸਿੱਖ ਸੰਸਥਾ ਨੂੰ ਸੇਵਾ ਕਾਰਜ਼ਾਂ ਵਿਚ ਭਰਵੇਂ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ।
                  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਜੀਤ ਮਹਿੰਦਰ ਸਿੰਘ ਸਿੱਧੂ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਨਵਤੇਜ ਸਿੰਘ ਕਾਉਣੀ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਡਾ. ਏ.ਪੀ ਸਿੰਘ, ਦਰਸ਼ਨ ਸਿੰਘ ਕੋਟਫੱਤਾ, ਬਲਕਾਰ ਸਿੰਘ ਬਰਾੜ ਆਦਿ ਮੌਜ਼ੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …