ਤਾਲਾਬੰਦੀ ਕਰੋਨਾ ਮਹਾਮਾਰੀ ਨਹੀ ਹੈ ਕੋਈ ਸਾਰਥਕ ਹੱਲ
ਨਵੀਂ ਦਿੱਲੀ, 9 ਮਈ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲ਼ਾਫ ਦਿੱਲੀ ਦੀਆਂ ਹੱਦਾਂ `ਤੇ ਚੱਲ ਰਹੇ ਮੋਰਚਿਆਂ ਅੰਦਰ ਪੂਰੇ 162 ਦਿਨ ਹੋ ਗਏ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਹੱਦ `ਤੇ ਗਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ਼ ਤੋਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨਾਲ ਭਰੇ ਪੰਡਾਲ ‘ਚ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ (ਉਗਰਾਹਾਂ) ਨੇ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਰੋਨਾ ਕਰਕੇ ਲਾਕਡਾਊਨ ਲਾ ਰਹੀ ਹੈ।ਬਿਮਾਰੀ ਦਾ ਇਹ ਕੋਈ ਸਾਰਥਕ ਹੱਲ ਨਹੀਂ।ਘਰਾਂ ਅੰਦਰ ਬੰਦ ਕੀਤੇ ਛੋਟੇ ਦੁਕਾਨਦਾਰ, ਮਜ਼ਦੂਰ ਅਤੇ ਰੇਹੜੀਆਂ ਫੜੀਆਂ ਵਾਲੇ ਕਰੋਨਾ ਤੋਂ ਪਹਿਲਾਂ ਹੀ ਭੁੱਖ ਨਾਲ ਮਰ ਜਾਣਗੇ।
ਰੂਪ ਸਿੰਘ ਛੰਨਾ ਸੂਬਾ ਆਗੂ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਦੀਆ ਜ਼ਮੀਨਾਂ ਖੋਹਣ ਦਾ ਅਮਲ ਤੇਜ਼ ਹੋਵੇਗਾ।ਇਸ ਕਰਕੇ ਹੀ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।
ਅਮਰਜੀਤ ਸਿੰਘ ਸੈਦੋਕੇ ਜਿਲਾ ਆਗੂ ਮੋਗਾ ਨੇ ਕਿਹਾ ਕੇ ਸਰਕਾਰਾਂ ਕਾਰਪੋਰੇਟਾਂ ਦੀਆ ਕੱਠਪੁਤਲੀਆਂ ਹਨ।ਇਸ ਕਰਕੇ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੀਆਂ ਹਨ।ਸਰਕਾਰ ਨੂੰ ਇਹ ਭਰਮ ਹੈ ਕਿ ਕਿਸਾਨ ਸੰਘਰਸ਼ ਛੱਡ ਕੇ ਚਲੇ ਜਾਣਗੇ।ਲੇਕਿਨ ਉਨਾਂ ਦਾ ਸੰਘਰਸ ਸ਼ਾਂਤਮਈ ਹੈ।ਇਹ ਸੰਘਰਸ਼ ਲਗਾਤਾਰ ਚੱਲਦਾ ਰਹੇਗਾ, ਜਦੋ ਤੱਕ ਸਰਕਾਰ ਕਾਨੂੰਨ ਰੱਦ ਨਹੀ ਕਰਦੀ।
ਦਰਬਾਰਾ ਸਿੰਘ ਛਾਜਲਾ ਜਿਲ੍ਹਾ ਜਨਰਲ ਸਕੱਤਰ ਸੰਗਰੂਰ ਨੇ ਕਿਹਾ ਕਿ ਪਹਿਲਾਂ ਹੀ ਸਰਕਾਰਾਂ ਨੇ ਉਨਾਂ ਨੂੰ ਲਾਹੇਵੰਦ ਭਾਅ ਨਹੀਂ ਦਿੱਤੇ ਅਤੇ ਹੁਣ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਤਿਆਰ ਫ਼ਸਲ ਦੀ ਅੰਨ੍ਹੀ ਲੁੱਟ ਕਰਨਗੇ।ਕਿਸਾਨਾਂ ਦੀ ਆਮਦਨ ਘਟੇਗੀ ਅਤੇ ਕਿਸਾਨ ਜਮੀਨਾ ਤੋਂ ਹੱਥ ਖੜ੍ਹੇ ਕਰਨਗੇ।ਅੱਜ ਸਟੇਜ ਤੋਂ ਪਰਮਜੀਤ ਕੌਰ ਸਮੂਰਾ ਜਿਲ੍ਹਾ ਸੰਗਰੂਰ, ਬਿੱਟੂ ਮੱਲਣ, ਜਗਸੀਰ ਝੁੰਬਾ ਆਦਿ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।