ਡਾ. ਓਬਰਾਏ ਦੀ ਨਿਰਸਵਾਰਥ ਸੇਵਾ ‘ਤੇ ਸਿਹਤ ਵਿਭਾਗ ਨੂੰ ਫ਼ਖਰ – ਹਸਪਤਾਲ ਪ੍ਰਬੰਧਕ
ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ `ਚ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ਼ ਨਿਭਾਉਣ ਵਾਲੇ
ਦੁਬਈ ਦੇ ਉਘੇ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਅੱਜ ਸਥਾਨਕ ਗੁਰੂ ਨਾਨਕ ਦੇਵ ਹਪਸਤਾਲ ਦੇ ਪ੍ਰਬੰਧਕਾਂ ਦੀ ਮੰਗ ‘ਤੇ ਉਨ੍ਹਾਂ ਨੂੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ `ਚ ਸਹਾਈ ਹੋਣ ਵਾਲੀਆਂ ਵੱਡੀ ਮਾਤਰਾ `ਚ ਮਹਿੰਗੇ ਭਾਅ ਦੀਆਂ ਦਵਾਈਆਂ ਅਤੇ ਇੱਕ ਡੀਪ ਫਰੀਜ਼ਰ ਦਿੱਤਾ ਗਿਆ।
ਗੁਰੂ ਨਾਨਕ ਦੇਵ ਹਸਪਤਾਲ ਵਿਖੇ ਉਪਰੋਕਤ ਸਮਾਨ ਦੇਣ ਲਈ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਮਨਪ੍ਰੀਤ ਸੰਧੂ, ਨਵਜੀਤ ਘਈ, ਗੁਰਪ੍ਰੀਤ ਸਿੱਧੂ ਆਦਿ ਨੇ ਦੱਸਿਆ ਕਿ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਡਾ. ਐਸ.ਪੀ ਸਿੰਘ ਓਬਰਾਏ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਕੋਰੋਨਾ ਨਾਲ ਜੂਝ ਰਹੇ ਮਰੀਜ਼ਾਂ ਦੇ ਇਲਾਜ਼ ਦੌਰਾਨ ਵਰਤੋਂ `ਚ ਆਉਣ ਵਾਲੀਆਂ ਕੁੱਝ ਜ਼ਰੂਰੀ ਦਵਾਈਆਂ ਅਤੇ ਟੀਕਿਆਂ ਤੋਂ ਇਲਾਵਾ ਇਨ੍ਹਾਂ ਨੂੰ ਸਾਂਭਣ ਲਈ ਇੱਕ ਵੱਡੇ ਫਰੀਜ਼ਰ ਦੀ ਜ਼ਰੂਰਤ ਹੈ।ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਡਾ. ਓਬਰਾਏ ਵਲੋਂ ਭੇਜੀਆਂ ਗਈਆਂ ਦਵਾਈਆਂ ਅਤੇ 500 ਲੀਟਰ ਦੀ ਕਪੈਸਿਟੀ ਵਾਲਾ ਡੀਪ ਫਰੀਜ਼ਰ ਅੱਜ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ।ਜਿਸ ‘ਤੇ ਟਰੱਸਟ ਦਾ ਕਰੀਬ 5 ਲੱਖ ਰੁਪਏ ਖਰਚ ਆਇਆ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ‘ਚ ਮੌਜ਼ੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਡਾ. ਓਬਰਾਏ ਵਲੋਂ ਆਕਸੀਜਨ ਪਲਾਂਟ ਲਾਉਣ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।ਟਰੱਸਟ ਆਗੂਆਂ ਨੇ ਦੱਸਿਆ ਕਿ ਓਬਰਾਏ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਦ ਵੀ ਕਿਸੇ ਥਾਂ ਤੋਂ ਮੈਡੀਕਲ ਨਾਲ ਸਬੰਧਤ ਕਿਸੇ ਸਮਾਨ ਦੀ ਡਿਮਾਂਡ ਟਰੱਸਟ ਕੋਲ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਪੂਰਿਆਂ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਸ ਮੁਸ਼ਕਲ ਦੌਰ `ਚ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜਿਥੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਆਦਿ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਥੇ ਹੀ ਦਿੱਲੀ ਵਿਖੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਲਈ ਹੋਰਨਾਂ ਵੱਡੀਆਂ ਸਹੂਲਤਾਂ ਤੋਂ ਇਲਾਵਾ ਹੁਣ ਵੱਡੀ ਮਾਤਰਾ `ਚ ਦਵਾਈ ਦੀਆਂ ਕਿੱਟਾਂ ਅਤੇ ਅਫ਼ਗਾਨਿਸਤਾਨ ਤੋਂ ਉਜੜ ਕੇ ਆਏ ਹਜ਼ਾਰਾਂ ਸ਼ਰਨਾਰਥੀਆਂ ਲਈ ਵੀ ਮੈਡੀਕਲ ਦਾ ਸਾਮਾਨ ਅਤੇ ਰਾਸ਼ਨ ਵੀ ਭੇਜਿਆ ਜਾ ਰਿਹਾ ਹੈ।
ਇਸ ਦੌਰਾਨ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਕੇ.ਡੀ ਸਿੰਘ, ਵਾਈਸ ਪ੍ਰਿੰਸੀਪਲ ਡਾ. ਜੇ. ਐਸ ਕੁਲਾਰ ਅਤੇ ਡਾ. ਨਰਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਨੇ ਡਾ. ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਰ ਔਖੀ ਘੜੀ ਵੇਲੇ ਨਿਭਾਈਆਂ ਜਾਂਦੀਆਂ ਨਿਰਸਵਾਰਥ ਸੇਵਾਵਾਂ ਸਦਕਾ ਜਿਥੇ ਪੂਰੀ ਦੁਨੀਆਂ ਅੰਦਰ ਪੰਜਾਬੀਆਂ ਦਾ ਮਾਣ ਵਧ ਰਿਹਾ ਹੈ, ਉਥੇ ਹੀ ਅੰਮ੍ਰਿਤਸਰ ਮੈਡੀਕਲ ਕਾਲਜ ਸਮੇਤ ਸਮੁੱਚਾ ਸਿਹਤ ਵਿਭਾਗ ਵੀ ਉਨ੍ਹਾਂ ਦੀ ਇਸ ਵੱਡੀ ਸੇਵਾ ‘ਤੇ ਹਮੇਸ਼ਾਂ ਫ਼ਖਰ ਮਹਿਸੂਸ ਕਰਦਾ ਹੈ।
ਇਸ ਦੌਰਾਨ ਡਾ. ਸ਼ੈਲਪ੍ਰੀਤ ਕੌਰ, ਹਰਦੀਪ ਸਿੰਘ ਬੱਬਰ ਸਟੋਰ ਇੰਚਾਰਜ਼, ਗੁਰਬਰਿੰਦਰ ਸਿੰਘ ਆਦਿ ਵੀ ਮੌਜ਼ੂਦ ਸਨ।
Punjab Post Daily Online Newspaper & Print Media