ਸੰਗਰੂਰ, 12 ਮਈ (ਜਗਸੀਰ ਲੌਂਗੋਵਾਲ) – ਸਹਾਰਾ ਫਾਊਂਡੇਸ਼ਨ ਦੀ ਹੋਈ ਵਿਸ਼ੇਸ ਮੀਟਿੰਗ ਵਿੱਚ ਕੋਵਿਡ ਮਹਾਂਮਾਰੀ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਪੰਜਾਬ
ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਜਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਵੈਕਸੀਨੇਸ਼ਨ ਸੈਂਟਰ ਸਿਵਲ ਹਸਪਤਾਲ ਸੰਗਰੂਰ ਤੋਂ ਪੁਲੀਸ ਲਾਈਨ ਹਸਪਤਾਲ ਵਿੱਚ ਤਬਦੀਲ ਕਰਨ ‘ਤੇ ਚਰਚਾ ਕੀਤੀ ਗਈ।ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਡਾ. ਦਿਨੇਸ਼ ਗਰੋਵਰ, ਸੁਰਿੰਦਰਪਾਲ ਸਿੰਘ ਸਿਦਕੀ ਨੇ ਕਿਹਾ ਕਿ ਇਹ ਜੋ ਫੈਸਲਾ ਕੀਤਾ ਹੈ, ਉਸ ਬਾਰੇ ਮੈਂਬਰ ਸਮਝਦੇ ਹਨ ਕਿ ਸਮੇਂ ਦੇ ਹਾਲਾਤਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਵਲੋਂ ਇਹ ਸੋਚ ਵਿਚਾਰ ਕੇ ਹੀ ਕੀਤਾ ਹੋਵੇਗਾ।ਪਰ ਇਸ ਨਾਲ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਿਲ ਵੀ ਆਵੇਗੀ, ਕਿਉਂਕਿ ਪੁਲਿਸ ਲਾਈਨ ਹਸਪਤਾਲ ਸ਼ਹਿਰ ਤੋਂ ਕਾਫ਼ੀ ਬਾਹਰ ਪੈਂਦਾ ਹੈ।ਉਥੇ ਬਣੇ ਪੁਲ ਦੇ ਹੇਠਾਂ ਦੋਨੋਂ ਪਾਸੇ ਤੋਂ ਆਵਾਜਾਈ ਚੱਲਦੀ ਹੈ ਅਤੇ ਇਹ ਮੇਨ ਸੜਕ ਹੋਣ ਕਾਰਨ ਟ੍ਰੈਫਿਕ ਵੀ ਬਹੁਤ ਜਿਆਦਾ ਰਹਿੰਦਾ ਹੈ।ਸ਼ਹਿਰ ਨਿਵਾਸੀਆਂ ਨੂੰ ਉਥੋਂ ਲੰਘਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ।ਖਾਸ ਤੌਰ ‘ਤੇ ਬਜ਼ੁਰਗਾਂ ਨੂੰ ਗਰਮੀ ਦੇ ਮੌਸਮ ਵਿਚ ਹਸਪਤਾਲ ਲੈ ਜਾਣਾ ਬਹੁਤ ਔਖਾ ਹੋਵੇਗਾ।ਇਸ ਨੂੰ ਮੁੱਖ ਰੱਖਦਿਆਂ ਸਹਾਰਾ ਫਾਊਂਡੇਸ਼ਨ ਵਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਇੱਕ ਹੋਰ ਵੈਕਸੀਨੇਸ਼ਨ ਕੇਂਦਰ ਸ਼ਹਿਰ ਦੇ ਕਿਸੇ ਸਾਂਝੇ ਸਥਾਨ ਜਾਂ ਧਰਮਸ਼ਾਲਾ ਵਿੱਚ ਬਣਾ ਦਿੱਤਾ ਜਾਵੇ ਤਾਂ ਇਸ ਨਾਲ ਸ਼ਹਿਰੀਆਂ ਨੂੰ ਕਾਫੀ ਸੌਖ ਹੋਵੇਗੀ।
ਇਸ ਸਬੰਧੀ ਚੇਅਰਮੈਨ ਰੇਖੀ, ਅਸ਼ੋਕ ਕੁਮਾਰ, ਵਰਿੰਦਰਜੀਤ ਸਿੰਘ ਬਜਾਜ, ਬਲਜੀਤ ਸਿੰਘ ਭੰਗੂ, ਮਹਿੰਦਰ ਕੁਮਾਰ ਆਦਿ ਸਹਾਰਾ ਟੀਮ ਮੈਂਬਰਾਂ ਨੇ ਕਿਹਾ ਕਿ ਉਹ ਇਸ ਵਿੱਚ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।
ਸਹਾਰਾ ਲੇਡੀਜ਼ ਵਿੰਗ ਦੇ ਡਾਇਰੈਕਟਰ ਕੁਲਵਿੰਦਰ ਕੌਰ ਢੀਂਗਰਾ, ਵੰਦਨਾ ਸਲੂਜਾ, ਤਰਵਿੰਦਰ ਕੌਰ, ਕਮਲਪ੍ਰੀਤ ਕੌਰ ਨੇ ਵੀ ਕਿਹਾ ਕਿ ਜਿਸ ਤਰਾਂ ਪਹਿਲਾਂ ਕੋਵਿਡ ਵੈਕਸੀਨੇਸ਼ਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ ਸੀ।ਉਸੇ ਤਰਾਂ ਹੁਣ ਵੀ ਟੀਕਾਕਰਨ ਕੈਂਪ ਲਗਾਉਣ ਲਈ ਸਹਾਰਾ ਵਲੋਂ ਸੇਵਾਵਾਂ ਪ੍ਰਸ਼ਾਸਨ ਨੂੰ ਪੇਸ਼ ਹਨ।
ਇਸੇ ਦੌਰਾਨ ਸਰਬ ਸਾਂਝੀ ਸੁਸਾਇਟੀ, ਵਪਾਰ ਮੰਡਲ ਤੇ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਵੀ ਸਹਾਰਾ ਫਾਊਂਡੇਸ਼ਨ ਵਲੋਂ ਦਿੱਤੇ ਇਸ ਸੁਝਾਅ ਦਾ ਸਮਰਥਨ ਕਰਦੇ ਹੋਏ ਪ੍ਰਸ਼ਾਸਨ ਨੂੰ ਇਸ ‘ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media