Saturday, September 26, 2026

ਪੀਰ ਮੁਹੰਮਦ ਨੇ ਅਮਿਤਾਭ ਬਚਨ ਤੋਂ 2 ਕਰੋੜ ਦਾਨ ਲੈਣ ਲਈ ਸਿਰਸਾ ਦੀ ਕੀਤੀ ਅਲੋਚਨਾ

ਕਿਹਾ ਅਮਿਤਾਭ ਬਚਨ ਦੇ ਸੋਹਲੇ ਗਾ ਰਹੇ ਸਿਰਸਾ ਨੇ, ਕੀ ਹੋਰ ਹਜ਼ਾਰਾਂ ਦਾਨੀ ਸੱਜਣਾਂ ਦਾ ਕੀਤਾ ਜ਼ਿਕਰ?

ਅੰਮ੍ਰਿਤਸਰ 12 ਮਈ (ਸੁਖਬੀਰ ਸਿੰਘ) – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਮਨਜਿੰਦਰ ਸਿੰਘ ਸਿਰਸਾ ਵਲੋਂ ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਸਹੂਲਤ ਲਈ ਫਿਲਮ ਅਭਿਨੇਤਾ ਵਲੋਂ ਦਾਨ ਕੀਤੇ 2 ਕਰੋੜ ਰੁਪਏ ‘ਤੇ ਆਪਣਾ ਸਖ਼ਤ ਵਿਰੋਧ ਜਤਾਇਆ ਹੈ।ਪੀਰ ਮੁਹੰਮਦ ਨੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ਸਿੱਖ ਨਸਲਕੁਸ਼ੀ ਨੂੰ ਅੰਜ਼ਾਮ ਦੇਣ ਲਈ ਵੱਡੀ ਭੂਮਿਕਾ ਨਿਭਾਉਣ ਦਾ ਦੋਸ਼ ਲਗਾਉਂਦਿਆਂ ਅਮਿਤਾਭ ਬਚਨ ਤੋਂ ਮਿਲੀ ਰਕਮ ਨੂੰ ਸਵੀਕਾਰ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਤਿੱਖੀ ਅਲੋਚਨਾ ਕੀਤੀ ਹੈ।ਪੀਰ ਮੁਹੰਮਦ ਨੇ ਸਿਰਸਾ `ਤੇ ਪਾਪ ਕਰਨ ਦਾ ਦੋਸ਼ ਵੀ ਲਗਾਇਆ।ਉਨ੍ਹਾਂ ਕਿਹਾ ਕਿ ਸਿਰਸਾ ਨੇ ਅਮਿਤਾਭ ਬਚਨ ਤੋਂ 2 ਕਰੋੜ ਰੁਪਏ ਸਵੀਕਾਰ ਕਰਕੇ ਸਮੁੱਚੀ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ।
                  ਉਨਾਂ ਕਿਹਾ ਕਿ ਸਿਰਸਾ ਨੇ 3 ਵਿਵਾਦਪੂਰਨ `ਖ਼ੇਤੀ ਕਾਨੂੰਨਾਂ` ਵਿਰੁੱਧ ਪ੍ਰਦਰਸ਼ਨਕਾਰੀਆਂ ਦੀ ਮਦਦ ਕਰਨ ਵਿਚ ਵੀ ਇੱਕ ਪ੍ਰਸੰਸਾਯੋਗ ਭੂਮਿਕਾ ਨਿਭਾਈ ਸੀ, ਪਰੰਤੂ ਹੁਣ ਸਿਰਸਾ ਨੇ ਆਪਣੀ ਸ਼ਖਸ਼ੀਅਤ ਨੂੰ ਖ਼ਰਾਬ ਕਰਨ ਤੋਂ ਇਲਾਵਾ ਸਿੱਖ ਕੌਮ ਦੀ ਭਾਵਨਾ ਨੂੰ ਵੀ ਠੇਸ ਪਹੁੰਚਾਈ ਹੈ, ਕਿਉਂਕਿ ਅਮਿਤਾਭ ਬਚਨ ਨੇ ਇਕ ਨਾਅਰਾ ਮਾਰਿਆ ਸੀ “ਖੂਨ ਦਾ ਬਦਲਾ ਖੂਨ” ਜੋ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕਾਫ਼ੀ ਸੀ।
                  ਪੀਰ ਮੁਹੰਮਦ ਨੇ ਸਿਰਸਾ ਨੂੰ ਸੁਆਲ ਕੀਤਾ ਕਿ ਕੀ ਉਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਵਰਗੇ ਸਿੱਖ ਨਸਲਕੁਸ਼ੀ ਲਈ ਹੋਰ ਪਾਪੀਆਂ ਤੋਂ ਵੀ ਦਾਨ ਪ੍ਰਵਾਨ ਕਰ ਲੈਣਗੇ।ਜੇ ਉਹ ਅਜਿਹੇ ਮੁਲਜ਼ਮਾਂ ਤੋਂ ਦਾਨ ਸਵੀਕਾਰ ਕਰਨਾ ਪਸੰਦ ਨਹੀਂ ਕਰਦੇ ਤਾਂ ਸਿਰਸਾ ਨੇ ਅਮਿਤਾਭ ਬਚਨ ਤੋਂ 2 ਕਰੋੜ ਰੁਪਏ ਦਾਨ ਕਿਵੇਂ ਸਵੀਕਾਰਿਆ? ਉਨ੍ਹਾਂ ਨੇ ਸੋਸ਼ਲ ਮੀਡੀਆ ‘ਚ ਵੀ ਇਸ ਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਸਿਰਸਾ ਦੀ ਅਲੋਚਨਾ ਕੀਤੀ।
                 ਉਨ੍ਹਾਂ ਕਿਹਾ ਕਿ ਇੱਥੇ ਹਜ਼ਾਰਾਂ ਦਾਨੀ ਸੱਜਣ ਹਨ, ਜੋ ਹਰ ਰੋਜ਼ ਗੁਰਦੁਆਰਿਆਂ ਰਾਹੀਂ ਮਾਨਵਤਾ ਦੀ ਸੇਵਾ ਲਈ ਕੁੱਝ ਨਾ ਕੁੱਝ ਦਾਨ ਕਰਦੇ ਹਨ।ਪਰ ਸਿਰਸਾ ਨੇ ਆਪਣੇ ਕਿਸੇ ਵੀ ਬਿਆਨ ਵਿੱਚ ਉਨ੍ਹਾਂ ਦਾ ਨਾਮ ਕਦੇ ਨਹੀਂ ਲਿਆ।ਉਹ ਲੋਕ ਬਚਨ ਨਾਲੋਂ ਕਈ ਗੁਣਾ ਮਹਾਨ ਹਨ, ਬਚਨ ਵਰਗੇ ਅਜਿਹੇ ਲੋਕ ਬਸ ਸੁਰਖੀਆਂ ਕਮਾਉਣ ਲਈ ਦਾਨ ਕਰਦੇ ਹਨ।
                   ਪੀਰ ਮੁਹੰਮਦ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਜੋ ਕਿ ਸ਼਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੇ ਕੌਮੀ ਬੁਲਾਰੇ ਵੀ ਹਨ, ਨੇ ਸੋਸ਼ਲ ਮੀਡੀਆ ‘ਤੇ ਇਹ ਐਲਾਨ ਕੀਤਾ ਹੈ ਕਿ ਅਮਿਤਾਭ ਬਚਨ ਨੇ ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਲਈ 2 ਕਰੋੜ ਰੁਪਏ ਦਾਨ ਕੀਤੇ ਹਨ।ਸਿਰਸਾ ਨੇ ਲਿਖਿਆ, “ਸਿੱਖ ਮਹਾਨ ਹਨ, ਉਨ੍ਹਾਂ ਦੀ ਸੇਵਾ ਨੂੰ ਸਲਾਮ।“ਇਹ ਅਮਿਤਾਭ ਬਚਨ ਦੇ ਸ਼ਬਦ ਸਨ, ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸਹੂਲਤ ਲਈ 2 ਕਰੋੜ ਰੁਪਏ ਦਾ ਯੋਗਦਾਨ ਪਾਇਆ, ਪਰੰਤੂ ਉਹਨਾਂ ਦੇ ਦਾਨ ਦੀ ਸਿੱਖ ਕੌਮ ਦੁਆਰਾ ਵਿਆਪਕ ਅਲੋਚਨਾ ਕੀਤੀ ਗਈ ਹੈ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …